
ਖਾਲੜਾ ਪੁਲਿਸ ਅਤੇ ਬੀ.ਐਸ.ਐਫ਼. ਦੀ ਭਾਲ ਮੁਹਿੰਮ ਮਗਰਂ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ ਮਿਲਿਆ ਡਰੋਨ
ਭਿੱਖੀਵਿੰਡ : ਥਾਣਾ ਖਾਲੜਾ ਪੁਲਿਸ ਤੇ ਬੀ.ਐੱਸ.ਐੱਫ਼. ਵਲੋਂ ਸਾਂਝੇ ਸਰਚ ਅਭਿਆਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਪੈਂਦੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ ਇਕ ਪਾਕਿਸਤਾਨੀ ਡਰੋਨ ਦੇ ਮੰਡਰਾਉਣ ਸੰਬੰਧੀ ਬੀ.ਐੱਸ.ਐੱਫ. ਤੇ ਖਾਲੜਾ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਪੁਲਿਸ ਤੇ ਬੀ.ਐੱਸ.ਐੱਫ਼. ਵਲੋਂ ਉਪਰੋਕਤ ਪਿੰਡ ’ਚ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਤਾਂ ਉਨ੍ਹਾਂ ਨੂੰ ਉਥੋਂ ਡਰੋਨ (ਡੀ.ਜੇ.ਆਈ. ਮੈਟਰਿਸ) ਬਰਾਮਦ ਹੋਇਆ, ਜਿਸ ਨੂੰ ਖਾਲੜਾ ਪੁਲਿਸ ਵਲੋਂ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੋਂ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਰਹੱਦ ਨਾਲ ਲਗਦੇ ਪਿੰਡ ਵਾਂ ਤਾਰਾ ਸਿੰਘ ’ਚ ਪਾਕਿਸਤਾਨੀ ਡਰੋਨ ਦੀ ਹਲਚਲ ਸੰਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਖਾਲੜਾ ਪੁਲਿਸ ਤੇ ਬੀ.ਐੱਸ.ਐੱਫ਼. ਵਲੋਂ ਵਾਂ ਤਾਰਾ ਸਿੰਘ’ਚ ਸਰਚ ਅਭਿਆਨ ਚਲਾਇਆ ਗਿਆ।
ਡੀ.ਐੱਸ.ਪੀ. ਭਿੱਖੀਵਿੰਡ ਨੇ ਦਸਿਆ ਕਿ ਬੀ.ਐੱਸ.ਐੱਫ਼. ਤੇ ਖਾਲੜਾ ਪੁਲਿਸ ਨੂੰ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ ਇਕ ਡਰੋਨ (ਡੀ.ਜੇ.ਆਈ. ਮੈਟਰਿਸ) ਬਰਾਮਦ ਹੋਇਆ ਹੈ। ਉਨ੍ਹਾਂ ਦਸਿਆ ਕਿ ਡਰੋਨ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਸਟੇਸ਼ਨ ਖਾਲੜਾ ’ਚ ਐਫ਼ਆਈਆਰ ਨੰਬਰ 197 ਮਿਤੀ 03/12/2024 ਧਾਰਾ 10,11,12 ਏਅਰਕਰਾਫਟ ਐਕਟ 1934 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।