
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਸੇਵਾ ਕੇਂਦਰਾਂ ਦੀਆਂ ਫ਼ੀਸਾਂ ਵਿਚ ਵਾਧੇ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ.......
ਚੰਡੀਗੜ੍ਹ (ਨੀਲ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਸੇਵਾ ਕੇਂਦਰਾਂ ਦੀਆਂ ਫ਼ੀਸਾਂ ਵਿਚ ਵਾਧੇ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਰੋਜ਼ ਨਵੇਂ ਟੈਕਸ ਲਗਾ ਕੇ ਅਤੇ ਸਰਕਾਰੀ ਫ਼ੀਸਾਂ ਵਿਚ ਵਾਧਾ ਕਰ ਕੇ ਸਰਕਾਰ ਆਮ ਲੋਕਾਂ ਉਤੇ ਵਾਧੂ ਦਾ ਭਾਰ ਪਾ ਰਹੀ ਹੈ। ਚੀਮਾ ਨੇ ਕਿਹਾ ਕਿ ਸੇਵਾ ਕੇਂਦਰਾਂ ਦੀਆਂ ਫ਼ੀਸਾਂ ਵਿਚ ਵਾਧੇ ਨਾਲ ਸਰਕਾਰ ਆਮ ਲੋਕਾਂ ਨੂੰ ਮਿਲਣ ਵਾਲੀ ਸਹੂਲਤ ਤੋਂ ਦੂਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਉਤੇ ਖ਼ਰਚ ਪੈਸਾ ਆਮ ਲੋਕਾਂ ਦੁਆਰਾ ਸਰਕਾਰ ਨੂੰ ਅਦਾ ਕੀਤੇ ਗਏ ਟੈਕਸ ਦਾ ਪੈਸਾ ਸੀ ਅਤੇ ਇਸ ਨਾਲ ਆਮ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਹੋਈ ਹੈ। ਚੀਮਾ ਨੇ ਕਿਹਾ ਕਿ ਸਰਕਾਰ ਦੁਆਰਾ ਆਮ ਸੇਵਾਵਾਂ ਦੀਆਂ ਫ਼ੀਸਾਂ ਦੋ ਗੁਣਾ ਕਰਨਾ ਲੋਕਾਂ ਨਾਲ ਧੱਕਾ ਹੈ ਅਤੇ ਅਜਿਹਾ ਕਰ ਕੇ ਕਾਂਗਰਸ ਸਰਕਾਰ ਅਪਣੇ ਵਾਅਦਿਆਂ ਤੋਂ ਪਲਟ ਰਹੀ ਹੈ। ਸਰਕਾਰ ਤੋਂ ਮੰਗ ਕਰਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰਾਂ ਉਹ ਘਰ ਬੈਠੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕ ਸੇਵਾਵਾਂ ਵਿਚੋਂ ਮੁਨਾਫ਼ਾ ਕਮਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।