
ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ’ਤੇ ਲਗਾਈ ਪਾਬੰਦੀ
ਜੰਮੂ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਚਾਂਦ ਨਗਰ ਦੇ ਲੰਗਰ ਹਾਲ ਨੂੰ ਵੀ ਜਿੰਦਰੇ ਲਗਾਏ
ਅੰਮ੍ਰਿਤਸਰ, 4 ਜਨਵਰੀ (ਸੁਰਜੀਤ ਸਿੰਘ ਖ਼ਾਲਸਾ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜੰਮੂ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ 5 ਜਨਵਰੀ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਜੰਮੂ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਚਾਂਦਪੁਰ ਵਿਖੇ ਪ੍ਰਬੰਧਕਾਂ ਵਲੋਂ ਅਖੰਡ ਪਾਠ ਰਖਵਾਉਣ ਤੋਂ ਰੋਕ ਦਿਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਡੀ.ਐਸ.ਪੀ. ਸ. ਮੱਖਣ ਸਿੰਘ, ਅਮਰਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਦਸਿਆ ਕਿ ਪੰਥਕ ਤਾਲਮੇਲ ਸੰਗਠਨ ਜੰਮੂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਤਿੰਨ ਜਨਵਰੀ ਨੂੰ ਗੁਰਦਵਾਰਾ ਗੁਰੂ ਨਾਨਕ ਸਾਹਿਬ ਚਾਂਦ ਨਗਰ ਜੰਮੂ ਵਿਖੇ ਅਖੰਡ ਪਾਠ ਦਾ ਅਰੰਭ ਕਰਨਾ ਸੀ ਪਰ ਗੁਰਦਵਾਰੇ ਵਿਚ ਬਲਬੀਰ ਸਿੰਘ ਦਾ ਅਖੰਡ ਪਾਠ ਹੋਣ ਕਰ ਕੇ ਗੁਰਦਵਾਰੇ ਦੇ ਲੰਗਰ ਹਾਲ ਵਿਚ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ ਗਿਆ। ਜਦੋਂ ਜਗਪਾਲ ਸਿੰਘ ਨੇ ਜਾ ਕੇ ਟੈਂਟ ਵਿਛਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਪ੍ਰਬੰਧਕਾਂ ਵਲੋਂ ਰੋਕ ਦਿਤਾ ਗਿਆ। ਜਦੋਂ ਇਸ ਕਮੇਟੀ ਦਾ ਕਾਰਜਕਾਲ ਜੁਲਾਈ 2020 ਵਿਚ ਖ਼ਤਮ ਹੋ ਗਿਆ ਹੈ। ਕੇਂਦਰ ਸਰਕਾਰ ਇਕ ਆਦੇਸ਼ ਜਾਰੀ ਕਰ ਕੇ ਇਸ ਦਾ ਕਾਰਜਕਾਲ ਤਿੰਨ ਮਹੀਨੇ ਲਈ ਵਧਾ ਦਿਤਾ ਸੀ ਜਿਸ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਪੁਰਾਣੇ ਪ੍ਰਬੰਧਕ ਅਪਣੇ ਲੈਟਰ ਪੈਡਾਂ ਦੀ ਨਾਜਾਇਜ਼ ਵਰਤੋਂ ਕਰ ਰਹੇ ਹਨ। ਅਸੀਂ ਇਸ ਪ੍ਰੋਗਰਾਮ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਸੂਚਿਤ ਕੀਤਾ ਸੀ ਕਿ ਇਸ ਵਕਤ ਕਾਨੂੰਨੀ ਤੌਰ ’ਤੇ ਪ੍ਰਬੰਧਕ ਕਮੇਟੀ ਉਨ੍ਹਾਂ ਅਧੀਨ ਹੈ। ਜਦੋਂ ਕਿ ਸਿੱਖ ਗੁਰੂ ਸਹਿਬਾਨ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਧਾਰਮਕ ਪ੍ਰੋਗਰਾਮ ਦੀ ਮਨਜ਼ੂਰੀ ਲੈਣੀ ਕੋਈ ਜ਼ਰੂਰੀ ਨਹੀਂ।
ਪ੍ਰਬੰਧਕਾਂ ਵਲੋਂ ਲੰਗਰ ਹਾਲ ਨੂੰ ਵੀ ਜਿੰਦਰੇ ਲਗਾ ਦਿਤੇ ਗਏ ਤਾਕਿ ਉਥੇ ਅਖੰਡ ਪਾਠ ਨਾ ਰਖਿਆ ਜਾ ਸਕੇ। ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਦੇ ਸੇਵਾਦਾਰਾਂ ਨੇ ਕਾਰਸੇਵਾ ਦੁਆਰਾ ਇਹ ਗੁਰਦਵਾਰਾ ਤਿਆਰ ਕਰਵਾਇਆ ਸੀ।
ਉਨ੍ਹਾਂ ਕਾਰਸੇਵਾ ਵਾਲਿਆਂ ਬਾਬਿਆਂ ਨੂੰ ਵੀ ਧਮਕਾਇਆ ਗਿਆ ਕਿ ਜੇਕਰ ਤੁਸੀਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਧਾਰਮਕ ਸਮਾਗਮਾਂ ਲਈ ਸੰਗਤ ਵਾਸਤੇ ਲੰਗਰ ਤਿਆਰ ਕੀਤਾ ਤਾਂ ਤੁਸੀਂ ਵੀ ਅਪਣਾ ਬੋਰੀ ਬਿਸਤਰਾ ਇਥੋਂ ਚੁਕ ਲਵੋ। ਕੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਉਣਾ ਵੀ ਕੋਈ ਅਪਰਾਧ ਹੈ। ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਇਸ ਪਾਸੇ ਵਲ ਧਿਆਨ ਦੇਣਗੇ।