
ਪਟਰੌਲ ਦੀ ਬੋਤਲ ਲੈ ਬੇਰੁਜ਼ਗਾਰ ਅਧਿਆਪਕ ਚੜ੍ਹੇ ਟੈਂਕੀ ਉਤੇ
ਪੰਜਾਬ ਸਰਕਾਰ ਵਿਰੁਧ ਟੈਂਕੀ ’ਤੇ ਜੰਮ ਕੇ ਕੀਤੀ ਨਾਹਰੇਬਾਜ਼ੀ
ਪਟਿਆਲਾ, 4 ਜਨਵਰੀ (ਤੇਜਿੰਦਰ ਫ਼ਤਿਹਪੁਰ): ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਤੜਕਸਾਰ ਪਟਰੌਲ ਦੀ ਭਰੀ ਬੋਤਲ ਲੈ ਕੇ ਟੈਂਕੀ ਉਤੇ ਚੜ੍ਹ ਕੇ ਪੰਜਾਬ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। ਇਸ ਦੌਰਾਨ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ। ਟੈਂਕੀ ਉਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ। ਪਰ ਸਰਕਾਰ ਨੇ ਹਮੇਸ਼ਾ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਅੱਜ ਟੈਂਕੀ ਉਤੇ ਪੱਕਾ ਧਰਨਾ ਲਗਾ ਲਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸਿਖਿਆ ਵਿਭਾਗ ਵਿਚ ਨੌਕਰੀ ਦੀ ਮੰਗ ਕਰਦੇ ਆ ਰਹੇ ਹਨ। ਪਰ ਸਰਕਾਰ ਵਲੋਂ ਲੰਘੇ ਦਿਨ ਪਹਿਲਾਂ ਸਿਰਫ਼ ਤਿੰਨ ਸੌ ਚੌਂਹਠ ਪੋਸਟਾਂ ਹੀ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਹਨ। ਪ੍ਰੰਤੂ ਸੂਬੇ ਭਰ ਵਿਚ ਦਸ ਹਜ਼ਾਰ ਤੋਂ ਵੱਧ ਈਟੀਟੀ ਟੈੱਟ ਪਾਸ ਅਧਿਆਪਕ ਬੇਰੁਜ਼ਗਾਰ ਵਿਹਲੇ ਬੈਠੇ ਹਨ । ਉਨ੍ਹਾਂ ਦੀ ਮੰਗ ਹੈ ਕਿ ਕੈਬਨਿਟ ਵਿਚ ਈਟੀਟੀ ਟੈੱਟ ਪਾਸ ਉਤੇ ਲਾਈਆਂ ਸ਼ਰਤਾਂ ਨੂੰ ਰੱਦ ਕੀਤਾ ਜਾਵੇ ਉਤੇ ਪੋਸਟਾਂ ਵਿਚ ਵਾਧਾ ਕੀਤਾ ਜਾਵੇ। ਟੈਂਕੀ ਉਤੇ ਬੈਠੇ ਬੇਰੁਜ਼ਗਾਰਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਇਸ ਦੌਰਾਨ ਉਨ੍ਹਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।
ਫੋਟੋ ਨੰ : 4 ਪੀਏਟੀ 8