
ਕਪੂਰਥਲਾ ਦੀ ਰਹਿਣ ਵਾਲੀ ਹੈ ਪੁਨੀਤ ਕੌਰ
ਚੰਡੀਗੜ੍ਹ : ਕਪੂਰਥਲਾ ਦੀ 40 ਸਾਲਾ ਕੁੜੀ ਪੁਨੀਤ ਕੌਰ ਨੇ ਮਿਸਜ਼ ਇੰਡੀਆ ਨਾਰਥ ਜ਼ੋਨ ਦਾ ਖ਼ਿਤਾਬ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਪ੍ਰਤੀਯੋਗਤਾ ਪਿਛਲੇ ਦਿਨੀਂ ਹਰਿਆਣਾ ਦੇ ਗੁਰੂਗ੍ਰਾਮ ਵਿਚ ਹੋਈ ਸੀ। ਉਸ ਨੇ 5000 ਵਿਆਹੁਤਾ ਔਰਤਾਂ ਦੇ ਆਡੀਸ਼ਨ ਵਿਚੋਂ ਚੁਣੀਆਂ 70 ਪ੍ਰਤੀਯੋਗੀਆਂ ਵਿਚ ਅਪਣਾ ਸਥਾਨ ਬਣਾਇਆ ਸੀ। ਪੁਨੀਤ ਕੌਰ ਹੁਸ਼ਿਆਰਪੁਰ ਦੇ ਮੈਰੀਨ ਇੰਜੀਨੀਅਰ ਨਾਲ ਵਿਆਹੀ ਹੋਈ ਹੈ।
ਨਿਫ਼ਟ ਮੋਹਾਲੀ ਤੋਂ ਗਰੈਜੂੁਏਟ ਹੋਣ ਬਾਅਦ ਉਸ ਨੇ ਫ਼ੈਸ਼ਨ ਡਿਜ਼ਾਈਨਰ ਵਜੋਂ ਅਪਣਾ ਕੰਮ ਸ਼ੁਰੂ ਕੀਤਾ ਸੀ। ਉਸ ਦੀ ਸਫ਼ਲਤਾ ਦੀ ਸ਼ੁਰੂਆਤ ਇਕ ਫ਼ੈਸ਼ਨ ਡਿਜ਼ਾਈਨ ਨਾਲ ਸਬੰਧਤ ਐਡਵਰਟਾਈਜ਼ਮੈਂਟ ਵਿਚ ਮੌਕਾ ਹਾਸਲ ਕਰਨ ਨਾਲ ਸ਼ੁਰੂ ਹੋਈ। ਪੁਨੀਤ ਕੌਰ ਦਾ ਕਹਿਣਾ ਹੈ ਕਿ ਫ਼ੈਸ਼ਨ ਪ੍ਰਤੀਯੋਗਤਾ ਵਿਚ ਸਫ਼ਲਤਾ ਲਈ ਮੇਰੇ ਮਾਤਾ ਪਿਤਾ ਦੇ ਪ੍ਰਵਾਰਕ ਮੈਂਬਰਾਂ ਦਾ ਵੀ ਅਹਿਮ ਯੋਗਦਾਨ ਹੈ। ਮੇਰੇ ਪਤੀ ਨੇ ਵੀ ਮੈਨੂੰ ਹਮੇਸ਼ਾ ਹੌਂਸਲਾ ਹੀ ਨਹੀਂ ਬਲਕਿ ਵਿੱਤੀ ਸਹਾਇਤਾ ਵੀ ਦਿਤੀ।
ਮੇਰੇ ਬੱਚਿਆਂ ਦੀ ਸਾਂਭ ਸੰਭਾਲ ਮੇਰੇ ਮਾਤਾ ਪਿਤਾ ਨੇ ਕਰ ਕੇ ਮੇਰੀ ਫ਼ੈਸ਼ਨ ਪ੍ਰਤੀਯੋਗਤਾ ਵਿਚ ਜਾਣ ਲਈ ਬਹੁਤ ਮਦਦ ਕੀਤੀ। ਉਸ ਨੇ ਦਸਿਆ ਕਿ ਮੈਂ ਅਪਣੇ ਖ਼ੁਦ ਦੇ ਬਣਾਏ ਫ਼ੈਸ਼ਨ ਡਿਜ਼ਾਈਨ ਹੀ ਪ੍ਰਤੀਯੋਗਤਾ ਵਿਚ ਇਸਤੇਮਾਲ ਕੀਤੇ ਪ੍ਰਤੀਯੋਗਤਾ ਮੌਕੇ ਸਾਬਕਾ ਮਿਸਜ਼ ਵਰਲਡ ਅਤੇ ਪ੍ਰਸਿੱਧ ਅਦਾਕਾਰਾ ਅਦਿਤੀ ਗੋਵਿਤਰੀਕਾਰ ਵੀ ਮੌਜੂਦ ਸੀ। ਪ੍ਰਤੀਯੋਗਤਾ ਦੀ ਚੋਣ ਵਾਲੀ ਜਿਊਰੀ ਵਿਚ ਰੋਹਿਤ ਢੀਂਗਰਾ, ਜੀ.ਕੇ. ਅਗਰਵਾਲ, ਪਾਇਲ ਸਿੰਘ, ਪ੍ਰਸ਼ਾਂਤ ਚੌਧਰੀ, ਸਵਾਤੀ ਦੀਕਸ਼ਿਤ ਅਤੇ ਅੰਜਲੀ ਸਾਹਨੀ ਵਰਗੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।