
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਰੇਂਜਰਾਂ ਵੱਲੋਂ ਉਕਤ ਘੁਸਪੈਠੀਏ ਦੀ ਲਾਸ਼ ਦੀ ਮੰਗ ਕੀਤੀ ਗਈ ਹੈ
ਅਜਨਾਲਾ- ਕੁੱਝ ਦਿਨ ਪਹਿਲਾਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀ.ਐੱਸ.ਐਫ਼ ਵਲੋਂ ਭਾਰਤੀ ਖ਼ੇਤਰ ਵਿਚ ਦਾਖਲ ਹੋਏ ਇੱਕ ਘੁਸਪੈਠੀਏ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ। ਉਸ ਸਮੇਂ ਉਸ ਦੀ ਪਛਾਣ ਨਹੀਂ ਹੋਈ ਸੀ। ਜਿਸ ਸੰਬੰਧੀ ਬੀ.ਐੱਸ.ਐੱਫ ਵਲੋਂ ਪਾਕਿਸਤਾਨੀ ਰੇਂਜਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਬੀਐਸਐਫ ਨੇ ਚੰਨਾ ਪੋਸਟ ਦੇ ਸਾਹਮਣੇ ਸਥਿਤ ਪਾਕਿਸਤਾਨ ਦੀ ਭਾਨੀਆ ਪੋਸਟ ਦੇ ਪਾਕਿ ਰੇਂਜਰਾਂ ਨਾਲ ਮੀਟਿੰਗ ਕੀਤੀ। ਉਸ ਸਮੇਂ ਪਾਕਿ ਰੇਂਜਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਹ ਇਸ ਦੀ ਫੋਟੋ ਆਪਣੇ ਇਲਾਕੇ ਦੇ ਲੋਕਾਂ ਨੂੰ ਦਿਖਾਉਣਗੇ। ਅੱਜ ਉਨ੍ਹਾਂ ਨੇ ਮੰਨਿਆ ਕਿ ਮਾਰਿਆ ਗਿਆ ਘੁਸਪੈਠੀਆ ਪਾਕਿਸਤਾਨ ਦਾ ਨਾਗਰਿਕ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪਾਕਿਸਤਾਨੀ ਰੇਂਜਰਾਂ ਨੇ ਬੀ.ਐਸ.ਐਫ ਨੂੰ ਦੱਸਿਆ ਹੈ ਕਿ ਸਰਹੱਦ ’ਤੇ ਮਾਰੇ ਗਏ ਘੁਸਪੈਠੀਏ ਦੀ ਪਛਾਣ ਮੁਹੰਮਦ ਅਦਰੀਸ਼ ਪੁੱਤਰ ਮੁਹੰਮਦ ਹਨੀਫ਼ ਵਾਸੀ ਪਿੰਡ ਦੌਦ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ।
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਖੇਮਕਰਨ ਅਤੇ ਫਿਰੋਜ਼ਪੁਰ ਸੈਕਟਰਾਂ ਵਿੱਚ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਦੀ ਢੋਆ-ਢੁਆਈ ਕਰਨ ਵਿੱਚ ਲੱਗੀ ਆਈਐਸਆਈ ਵੱਲੋਂ ਬੀਐਸਐਫ ਵੱਲੋਂ ਚੌਕਸੀ ਵਧਾਉਣ ਤੋਂ ਬਾਅਦ ਅੰਮ੍ਰਿਤਸਰ ਅਤੇ ਗੁਰਦਾਸਪੁਰ ਸੈਕਟਰਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਮੰਗਲਵਾਰ ਸਵੇਰੇ ਪਾਕਿ ਘੁਸਪੈਠੀਆਂ ਵੱਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗੁਰਦਾਸਪੁਰ ਸੈਕਟਰ ਵਿੱਚ ਪੁਰਾਣੇ ਡਰੋਨ ਸਮੇਤ ਹੈਰੋਇਨ ਦੀ ਬਰਾਮਦਗੀ ਇਸ ਦੀ ਤਾਜ਼ਾ ਮਿਸਾਲ ਹੈ।
ਆਈਐਸਆਈ ਪਾਕਿ ਸਮੱਗਲਰਾਂ ਰਾਹੀਂ ਧੁੰਦ ਦਾ ਫਾਇਦਾ ਉਠਾ ਕੇ ਭਾਰਤ ਵਿੱਚ ਸੁੱਟੇ ਜਾਣ ਵਾਲੇ ਹਥਿਆਰ ਅਤੇ ਹੈਰੋਇਨ ਦੀ ਤਲਾਸ਼ ਵਿੱਚ ਹੈ। ਬੀਐਸਐਫ ਦੇ ਇੱਕ ਅਧਿਕਾਰੀ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਕੇਂਦਰ ਦੇ ਹੁਕਮਾਂ 'ਤੇ ਕੰਡਿਆਲੀ ਤਾਰ ਨੇੜੇ ਗਸ਼ਤ ਵਧਾ ਦਿੱਤੀ ਗਈ ਹੈ। ਖਾਸ ਤੌਰ 'ਤੇ ਰਾਤ ਦੇ ਸਮੇਂ ਜਵਾਨ ਘੁਸਪੈਠ ਅਤੇ ਤਸਕਰੀ ਨੂੰ ਰੋਕਣ ਲਈ ਨਾਈਟ-ਵਿਜ਼ਨ ਕੈਮਰੇ ਅਤੇ ਥਰਮਲ ਚਿੱਤਰਾਂ ਦੀ ਵਰਤੋਂ ਕਰ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਰੇਂਜਰਾਂ ਵੱਲੋਂ ਉਕਤ ਘੁਸਪੈਠੀਏ ਦੀ ਲਾਸ਼ ਦੀ ਮੰਗ ਕੀਤੀ ਗਈ ਹੈ ਜੋ ਇਸ ਸਮੇਂ ਸਿਵਲ ਹਸਪਤਾਲ ਅਜਨਾਲਾ ਦੇ ਪੋਸਟਮਾਟਮ ਹਾਊਸ ਵਿਖੇ ਰੱਖੀ ਹੋਈ ਹੈ।