
ਹਰ ਇਨਸਾਨ ਅੰਦਰ ਕੁਝ ਵੱਖਰਾ ਕਰਨ ਦੀ ਤਾਂਘ ਹੁੰਦੀ ਹੈ। ਇਸੇ ਤਾਂਘ ਦੇ ਚਲਦਿਆਂ ਕਈ ਨੌਜਵਾਨ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਲੈਂਦੇ ਹਨ।
ਚੰਡੀਗੜ੍ਹ: ਹਰ ਇਨਸਾਨ ਅੰਦਰ ਕੁਝ ਵੱਖਰਾ ਕਰਨ ਦੀ ਤਾਂਘ ਹੁੰਦੀ ਹੈ। ਇਸੇ ਤਾਂਘ ਦੇ ਚਲਦਿਆਂ ਕਈ ਨੌਜਵਾਨ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਇਕ ਨੌਜਵਾਨ ਨੇ ਇਕ ਵੱਖਰਾ ਕੰਮ ਕਰਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਨੌਜਵਾਨ ਦੀ ਇਹ ਪ੍ਰਾਪਤੀ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਦਰਅਸਲ ਪੰਜਾਬ ਦੇ ਇਕ ਨੌਜਵਾਨ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਤਿਆਰ ਕੀਤਾ ਸੀ। ਇਸ ਮਾਡਲ ਲਈ ਉਸ ਦਾ ਨਾਂਅ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਇਸ ਨੌਜਵਾਨ ਦਾ ਨਾਂਅ ਅਕਾਸ਼ ਮਲਕਾਣਾ ਹੈ ਅਤੇ ਇਹ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦਾ ਰਹਿਣ ਵਾਲਾ ਹੈ।
ਅਕਾਸ਼ ਮਲਕਾਣਾ ਨੇ ਛੋਟੀ ਉਮਰ ਵਿਚ ਇੰਨੀ ਵੱਡੀ ਪ੍ਰਾਪਤੀ ਕਰ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਵੀ ਅਕਾਸ਼ ਅਪਣਾ ਨਾਂਅ ਲਿਮਕਾ ਬੁੱਕ ਆਫ ਰਿਕਾਰਡਸ ਅਤੇ ਇੰਡੀਆ ਬੁੱਕ ਆੜ ਰਿਕਾਰਡਸ ਵਿਚ ਦਰਜ ਕਰਵਾ ਚੁੱਕਿਆ ਹੈ। ਅਕਾਸ਼ ਵੱਲੋਂ ਤਿਆਰ ਕੀਤਾ ਗਿਆ ਦਰਬਾਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਲੱਕੜ ਨਾਲ ਤਿਆਰ ਕੀਤਾ ਹੈ।
ਇਸ ਮਾਡਲ ਨੂੰ ਹਰਿਮੰਦਰ ਸਾਹਿਬ ਦੀ ਪੁਰਾਣੀ ਦਿੱਖ ਦਿੱਤੀ ਗਈ ਹੈ। ਇਸ ਮਾਡਲ ਨੂੰ ਤਿਆਰ ਕਰਨ ਲਈ ਅਕਾਸ਼ ਮਲਕਾਣਾ ਨੇ ਕਾਫੀ ਮਿਹਨਤ ਕੀਤੀ ਅਤੇ ਕਾਫੀ ਸਮਾਂ ਲਗਾਇਆ। ਪਰ ਸਖਤ ਮਿਹਨਤ ਅਤੇ ਉਡੀਕ ਤੋਂ ਬਾਅਦ ਅਕਾਸ਼ ਦੀ ਮਿਹਨਤ ਰੰਗ ਲਿਆਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਸ਼ ਮਲਕਾਣਾ ਨੇ ਪਿਨਸਲ ਦੇ ਸਿੱਕੇ ਉੱਤੇ ਰੇਲ ਗੱਡੀ ਦਾ ਮਾਡਲ ਤਿਆਰ ਕੀਤਾ ਸੀ, ਜਿਸ ਸਦਕਾ ਉਸ ਦਾ ਨਾਂਅ ਲਿਮਕਾ ਬੁੱਕ ਆਫ ਰਿਕਾਰਡਸ ਵਿਚ ਦਰਜ ਹੋਇਆ।
ਇਸ ਸਬੰਧੀ ਅਕਾਸ਼ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਸਿੱਖ ਕੌਮ ਦੇ ਇਤਿਹਾਸ ਬਾਰੇ ਜਾਣਿਆ ਤਾਂ ਉਹ ਸਿੱਖ ਇਤਿਹਾਸ ਤੋਂ ਕਾਫੀ ਪ੍ਰਭਾਵਿਤ ਹੋਇਆ, ਜਿਸ ਕਾਰਨ ਉਸ ਦੇ ਮਨ ਵਿਚ ਸਿੱਖ ਕੌਮ ਲਈ ਕੁਝ ਨਵਾਂ ਕਰਨ ਦਾ ਵਿਚਾਰ ਆਇਆ ਅਤੇ ਉਸ ਨੇ ਇਹ ਸ਼ਲਾਘਾਯੋਗ ਕੰਮ ਕਰ ਦਿੱਤਾ। ਇਸ ਮਾਡਲ ਕਾਰਨ ਹਰ ਪਾਸੇ ਅਕਾਸ਼ ਦੀਆਂ ਤਰੀਫਾਂ ਹੋ ਰਹੀਆਂ ਹਨ ਅਤੇ ਹਰ ਕੋਈ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਕਾਗਜ਼ ਨਾਲ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਸੀ। ਇਸ ਦੇ ਨਾਲ ਹੀ ਕਈ ਹੋਰਾਂ ਆਰਟਿਸਟਾਂ ਵੱਲੋਂ ਵੀ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਜਾ ਚੁੱਕੇ ਹਨ। ਪਰ ਅਕਾਸ਼ ਮਲਕਾਣਾ ਦੀ ਇਹ ਪ੍ਰਾਪਤੀ ਵਾਕਈ ਕਾਬਿਲ ਏ ਤਾਰੀਫ ਹੈ।