
ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਪਰ ਕੇਂਦਰ ਸਰਕਾਰ ਨੇ ਇਕ ਨਾ ਸੁਣੀ : ਪ੍ਰਤਾਪ ਬਾਜਵਾ
ਕਿਹਾ, ਤਿਰੰਗੇ 'ਚ ਲਿਪਟ ਕੇ ਪਿੰਡ ਪਹੁੰਚਦੇ ਨੇ ਪੰਜਾਬੀ ਬੱਚੇ
ਨਵੀਂ ਦਿੱਲੀ, 5 ਫ਼ਰਵਰੀ: ਸੰਸਦ ਦੇ ਬਜਟ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ | ਰਾਜ ਸਭਾ ਦੀ ਕਾਰਵਾਈ ਦੌਰਾਨ ਬੀਤੇ ਤਿੰਨ ਦਿਨਾਂ ਦੌਰਾਨ ਸੰਸਦ ਵਿਚ ਕਿਸਾਨ ਅੰਦੋਲਨ ਦੀ ਗੂੰਜ ਸੁਣਾਈ ਦੇ ਰਹੀ ਹੈ | ਅੱਜ ਵੀ ਰਾਜ ਸਭਾ ਵਿਚ ਵਿਰੋਧੀ ਧਿਰਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ |
ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ 'ਚ ਪੰਜਾਬੀ 'ਚ ਬੋਲਦਿਆਂ ਕਿਹਾ ਜਿਸ ਵੇਲੇ ਇਨ੍ਹਾਂ ਕਾਨੂੰਨਾਂ ਲੈ ਕੇ ਇਸ ਸਦਨ 'ਚ ਚਰਚਾ ਹੋ ਰਹੀ ਸੀ, ਉਦੋਂ ਮੈਂ ਕਿਹਾ ਸੀ ਕਿ ਕਿਸਾਨਾਂ ਲਈ ਇਹ ਮੌਤ ਦੇ ਵਾਰੰਟ ਹੋਣਗੇ ਪਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਵੇਲੇ ਸਤੰਬਰ 'ਚ ਤਿੰਨਾਂ ਕਾਨੂੰਨਾਂ 'ਤੇ ਰਾਜ ਸਭਾ 'ਚ ਚਰਚਾ ਹੋ ਰਹੀ ਸੀ, ਉਦੋਂ ਮੈਂ ਇਹ ਕਿਹਾ ਸੀ ਕਿ ਕਿਸਾਨਾਂ ਲਈ ਮੌਤ ਦਾ ਵਾਰੰਟ ਹਨ ਅਤੇ ਉਹ ਕਦੇ ਨਹੀਂ ਮੰਨਣਗੇ | ਅਸੀਂ ਵੋਟਿੰਗ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਨਹੀਂ ਮੰਨੀ | ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਧੋਖੇ ਨਾਲ ਸਰਕਾਰ ਨੇ ਇਹ ਕਾਨੂੰਨ ਪਾਸ ਕਰਵਾ ਲਏ |
ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੋਰੋਨਾ ਕਾਲ 'ਚ ਚੋਰ ਦਰਵਾਜ਼ੇ ਰਾਹੀਂ ਖੇਤੀ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ | ਜਦੋਂ ਇੰਨੇ ਸਾਲ ਇੰਤਜ਼ਾਰ ਕੀਤਾ ਤਾਂ ਛੇ ਮਹੀਨੇ ਹੋਰ ਇੰਤਜ਼ਾਰ ਕਿਉਾ ਨਹੀਂ ਕੀਤਾ ਗਿਆ |
ਬਾਜਵਾ ਨੇ ਕਿਸਾਨਾਂ ਨੂੰ ਖ਼ਾਲਿਸਤਾਨੀ ਕਹੇ ਜਾਣ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਘੇਰਿਆ | ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਰਾਸ਼ਟਰਵਾਦ ਨਾ ਸਿਖਾਓ | ਸਾਡੇ ਪੰਜਾਬ 'ਚ ਹਰ ਮਹੀਨੇ ਇਕ ਬੱਚਾ ਤਿਰੰਗੇ 'ਚ ਲਿਪਟ ਕੇ ਪਿੰਡ ਪਹੁੰਚਦਾ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਿਸੇ ਰਾਜਨੀਤਕ ਪਾਰਟੀ ਦੇ ਕਹਿਣ 'ਤੇ ਲੋਕ ਨਹੀਂ ਆਏ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈੈ | (ਏਜੰਸੀ)
image