
ਪੰਜਾਬ 'ਚ ਬਰਸਾਤ ਹੋਣ ਕਾਰਨ ਬਿਜਲੀ ਦੀ ਖਪਤ ਘੱਟ ਕੇ 5360 ਮੈਗਾਵਾਟ ਤਕ ਪਹੰੁਚੀ
ਬਿਜਲੀ ਨਿਗਮ ਦੇ ਤਾਪ ਬਿਜਲੀ ਘਰਾਂ ਦੇ ਸਾਰੇ ਦੇ ਸਾਰੇ ਯੂਨਿਟ ਬੰਦ
ਪਟਿਆਲਾ, 4 ਫ਼ਰਵਰੀ (ਜਸਪਾਲ ਸਿੰਘ ਢਿੱਲੋਂ) : ਪਿਛਲੇ ਦਿਨੀਂ ਜਦੋਂ ਮੌਸਮ 'ਚ ਗਰਮਾਹਟ ਆ ਗਈ ਸੀ ਤਾਂ ਬਿਜਲੀ ਦੀ ਖਪਤ ਵਧ ਕੇ 6500 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ ਸੀ | ਹੁਣ ਜਦੋਂ ਪਹਾੜਾਂ ਤੇ ਬਰਫ਼ਬਾਰੀ ਪੈ ਗਈ ਹੈ ਅਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਹੋਈ ਬਰਸਾਤ ਜਿਥੇ ਫ਼ਸਲਾਂ ਲਈ ਵਰਦਾਨ ਸਾਬਤ ਹੋਈ ਹੈ ਉਥੇ ਪੰਜਾਬ ਬਿਜਲੀ ਨਿਗਮ ਲਈ ਵੀ ਆਕਸੀਸਨ ਦਾ ਕਾਰਜ ਕਰ ਰਹੀ ਹੈ | ਇਸ ਦਾ ਸਿੱਟਾ ਇਹ ਨਿਕਲਿਆ ਕਿ ਬਿਜਲੀ ਦੀ ਖਪਤ ਘੱਟ ਕੇ 5360 ਮੈਗਾਵਾਟ ਤੇ ਆ ਪਹੁੰਚੀ ਹੈ |
ਇਸ ਮੌਕੇ ਬਿਜਲੀ ਨਿਗਮ ਨੇ ਅਪਣੇ ਤਾਪ ਬਿਜਲੀ ਘਰਾਂ ਦੇ ਸਾਰੇ ਯੂਨਿਟ ਬੰਦ ਰੱਖੇ ਹੋਏ ਹਨ ਪਰ ਸਮਝੌਤੇ ਕਾਰਨ ਨਿਜੀ ਤਾਪ ਬਿਜਲੀ ਘਰਾਂ ਤੋਂ ਬਿਜਲੀ ਖ਼ਰੀਦੀ ਜਾ ਰਹੀ ਹੈ | ਬਿਜਲੀ ਨਿਗਮ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਕੁਲ 2752 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ |
ਇਸ ਵਿਚ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾ ਤੋਂ 1325 ਮੈਗਾਵਾਟ ਅਤੇ ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਦੇ ਤਿੰਨ ਯੂਨਿਟਾਂ ਤੋਂ 1427 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਹੁਣ ਜੇਕਰ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਤੇ ਝਾਤੀ ਮਾਰੀ ਜਾਵੇ ਤਾਂ ਪਣ ਬਿਜਲੀ ਘਰਾਂ ਤਾਂ ਕੁਲ ਬਿਜਲੀ ਉਤਪਾਦਨ 205 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ ਵਿਚ ਮੁਕੇਰੀਆਂ ਪਣ ਬਿਜਲੀ ਘਰਾਂ ਤੋਂ 194 ਮੈਗਾਵਾਟ ਅਤੇ ਸ਼ਾਨਨ ਪਣ ਬਿਜਲੀ ਘਰ ਜੋਗਿੰਦਰਨਗਰ ਹਿimageਮਾਚਲ ਤੋਂ 11 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਜੇਕਰ ਨਵਿਆਣਯੋਗ ਸਰੋਤਾਂ ਦੇ ਬਿਜਲੀ ਉਤਪਾਦਨ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਸਰੋਤਾਂ ਤੋਂ 233 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ ਵਿਚ ਸੂਰਜੀ ਊਰਜਾ ਦੇ ਬਿਜਲੀ ਘਰਾਂ ਤੋਂ 173 ਅਤੇ ਗ਼ੈਰ ਸੂਰਜੀ ਊਰਜਾ ਦੇ ਸਰੋਤਾਂ ਤੋਂ 60 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਪੰਜਾਬ ਦੇ ਰਣਜੀਤ ਸਾਗਰ ਡੈਮ ਤੋਂ ਇਸ ਵੇਲੇ ਬਿਜਲੀ ਉਤਪਾਦਨ ਬੰਦ ਪਿਆ ਹੈ | ਗੌਰਤਲਬ ਹੈ ਕਿ 30 ਜਨਵਰੀ ਨੂੰ ਪੰਜਾਬ ਵਿਚ ਬਿਜਲੀ ਦੀ ਖਪਤ ਦਾ ਅੰਕੜਾ 6 ਹਜ਼ਾਰ ਮੈਗਾਵਾਟ ਦੇ ਕਰੀਬ ਸੀ |