
ਕਿਸਾਨ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਅਪਣੇ ਹੱਕਾਂ ਲਈ ਲੜੇ ਤਾਂ ਦੇਸ਼ਧ੍ਰੋਹੀ : ਸੰਜੇ ਰਾਊਤ
ਨਵੀਂ ਦਿੱਲੀ, 5 ਫ਼ਰਵਰੀ: ਸ਼ਿਵ ਸੈਨਾ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਅਤੇ ਪਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅੰਦੋਲਨ ਹੈ | ਨਾਲ ਹੀ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਸ਼ ਰਚ ਰਹੀ ਹੈ | ਰਾਸ਼ਟਰਪਤੀ ਦੇ ਭਾਸ਼ਣ 'ਤੇ ਰਾਜ ਸਭਾ 'ਚ ਪੇਸ਼ ਧਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਕਿਸਾਨ ਜਦੋਂ ਮੁਗ਼ਲਾਂ ਅਤੇ ਅੰਗਰੇਜ਼ਾਂ ਨਾਲ ਲੜੇ ਸਨ ਤਾਂ ਉਹ ਦੇਸ਼ ਭਗਤ ਸਨ ਪਰ ਅੱਜ ਜੇਕਰ ਅਪਣੇ ਹੱਕਾਂ ਲਈ ਲੜ ਰਹੇ ਹਨ ਤਾਂ ਉਹ ਦੇਸ਼ਧ੍ਰੋਹੀ ਕਿਵੇਂ ਬਣ ਗਏ? ਉਨ੍ਹਾਂ ਕਿਹਾ ਕਿ ਸਰਕਾਰ ਤੋਂ ਸਵਾਲ ਪੁੱਛਣ ਜਾਂ ਉਸ ਦੀ ਆਲੋਚਨਾ ਕਰਨ ਵਾਲਿਆਂ 'ਤੇ ਅੱਜ ਦੇਸ਼ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ | ਰਾਊਤ ਨੇ ਕਿਹਾ ਕਿ ਮੋਦੀ ਜੀ ਨੂੰ ਭਾਰੀ ਬਹੁਮਤ ਮਿਲਿਆ ਹੈ ਅਤੇ ਅਸੀ ਇਸ ਦਾ ਸਨਮਾਨ ਕਰਦੇ ਹਾਂ | ਬਹੁਮਤ ਦੇਸ਼ ਚਲਾਉਣ ਲਈ ਹੁੰਦਾ ਹੈ | ਬਹੁਮਤ ਹੰਕਾਰ ਨਾਲ ਨਹੀਂ ਚਲਦਾ | ਉਨ੍ਹਾਂ ਕਿਹਾ ਕਿ ਆਲੋਚਨਾ ਕਰਨ ਵਾਲਿਆਂ ਨੂੰ ਤੁਸੀਂ ਬਦਨਾਮ ਕਰ ਦਿੰਦੇ ਹੋ | ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਸ਼ ਚੱਲ ਰਹੀ ਹੈ | ਇਹ ਦੇਸ਼ ਦੇ ਮਾਣ ਲਈ ਠੀਕ ਨਹੀਂ, ਇਹ ਦੇਸ਼ ਦੇ ਕਿਸਾਨਾਂ ਲਈ ਅਤੇ ਸਾਡੇ ਲਈ ਵੀ ਠੀਕ ਨਹੀਂ | ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ 'ਤੇ ਹੋਈ ਘਟਨਾ ਦਾ ਜ਼ਿਕਰ ਕਰਦੇ ਹੋਏ ਰਾਊਤ ਨੇ ਕਿਹਾ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਹਾਲੇ ਤਕ ਫੜਿਆ ਨਹੀਂ ਗਿਆ, ਜਦਕਿ 200 ਤੋਂ ਵੱਧ ਕਿਸਾਨਾਂ ਨੂੰ ਜੇਲ 'ਚ ਬੰਦ ਕਰ ਕੇ ਦੇਸ਼ਧ੍ਰੋਹ ਦਾ ਮੁਕੱਦimageਮਾ ਦਾਇਰ ਕੀਤਾ ਹੈ | (ਏਜੰਸੀ)