
ਜਾਅਲੀ ਦਸਤਾਵੇਜ਼ਾਂ ਨਾਲ ਬਸਪਾ ਉਮੀਦਵਾਰ ਵਜੋਂ ਕਾਗ਼ਜ਼ ਭਰਨ ਵਾਲਾ ਬਰਜਿੰਦਰ ਹੁਸੈਨਪੁਰ ਗਿ੍ਫ਼ਤਾਰ
ਨਵਾਂਸ਼ਹਿਰ, 4 ਫ਼ਰਵਰੀ (ਪਪ) : ਵਿਧਾਨ ਸਭਾ ਚੋਣਾਂ 'ਚ ਖ਼ੁਦ ਨੂੰ ਬਸਪਾ ਉਮੀਦਵਾਰ ਦੱਸ ਕੇ ਰਿਟਰਨਿੰਗ ਅਧਿਕਾਰੀ 047 ਨਵਾਂਸ਼ਹਿਰ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਵਾਲੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਵਿਰੁਧ ਗ਼ਲਤ ਦਸਤਾਵੇਜ਼ਾਂ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |
ਜਾਂਚ ਅਧਿਕਾਰੀ ਏ. ਐਸ. ਆਈ. ਵਰਿੰਦਰ ਕੁਮਾਰ ਨੇ ਦਸਿਆ ਕਿ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨਛੱਤਰ ਸਿੰਘ ਨੇ ਬਸਪਾ ਵਲੋਂ ਅਪਣਾ ਨਾਮਜ਼ਦਗੀ ਪੱਤਰ ਭਰਿਆ ਸੀ | ਪਾਰਟੀ ਵਲੋਂ ਕੌਮੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਲੋਂ ਜਾਰੀ ਫ਼ਾਰਮ-ਏ ਅਤੇ ਫ਼ਾਰਮ-ਬੀ ਪੇਸ਼ ਕੀਤੇ ਗਏ ਸਨ | ਬਰਜਿੰਦਰ ਸਿਘ ਪੁੱਤਰ ਮਹਿੰਦਰ ਸਿੰਘ ਹੁਸੈਨਪੁਰ ਨੇ 1 ਫ਼ਰਵਰੀ ਨੂੰ ਅਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਲੋਂ ਜਾਰੀ ਫ਼ਾਰਮ-ਏ ਅਤੇ ਬੀ ਪੇਸ਼ ਕੀਤਾ ਸੀ, ਜਿਸ 'ਤੇ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਇਤਰਾਜ ਪੇਸ਼ ਕਰ ਕੇ ਦਸਿਆ ਗਿਆ ਸੀ ਕਿ ਬਰਜਿੰਦਰ ਸਿੰਘ ਹੁਸੈਨਪੁਰ ਪਾਰਟੀ ਵਲੋਂ ਕੋਈ ਫ਼ਾਰਮ-ਏ ਅਤੇ ਬੀ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਇਹ ਗਲਤ ਦਸਤਾਵੇਜ਼ ਹਨ |
ਸੂਬਾ ਬਸਪਾ ਨੇ ਅਪਣੀ ਸ਼ਿਕਾਇਤ 'ਚ ਦਸਿਆ ਸੀ ਕਿ ਰਾਸ਼ਟਰੀ ਪ੍ਰਧਾਨ ਵਲੋਂ ਈ-ਮੇਲ ਵਲੋਂ ਭੇਜੇ ਗਏ ਪੱਤਰ ਦੀ ਕਾਪੀ ਭੇਜ ਕੇ ਉਕਤ ਮਾਮਲੇ ਦੀ ਜਾਂਚ ਕਰਦੇ ਹੋਏ ਨਿਯਮਾਂ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਸੀ | ਉਕਤ ਸ਼ਿਕਾਇਤ ਦੀ ਜਾਂਚ ਅਤੇ ਲੀਗਲ ਰਾਏ ਲੈਣ ਦੇ ਉਪਰੰਤ ਪੁਲਿਸ ਨੇ ਬਰਜਿੰਦਰ ਸਿੰਘ ਵਿਰੁਧ ਧਾਰਾ 420, 465, 468, 471,177 ਅਤੇ ਜਨ ਪ੍ਰਤੀਨਿਧੀ ਐਕਟ 1951 ਦੀ ਧਾਰਾ 125 ਏ ਤਹਿਤ ਮਾਮਲਾ ਦਰਜ ਕਰਕੇ ਬਰਜਿੰਦਰ ਸਿੰਘ ਨੂੰ ਬੀਤੀ ਦੇਰ ਰਾਤ ਗਿ੍ਫ਼ਤਾਰ ਕੀਤਾ ਗਿਆ ਹੈ | ਜਾਂਚ ਅਧਿਕਾਰੀ ਵਰਿੰਦਰ ਕੁਮਾਰ ਨੇ ਦਸਿਆ ਕਿ ਗਿ੍੍ਰਫ਼ਤਾਰ ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |