
ਪੁਛਗਿਛ ਲਈ ਬੁਲਾ ਕੇ ਈ.ਡੀ. ਨੇ ਚੰਨੀ ਦੇ ਭਣੇਵੇਂ ਦੀ ਅੱਧੀ ਰਾਤ ਨੂੰ ਗਿ੍ਫ਼ਤਾਰੀ ਪਾਈ
ਅਦਾਲਤ ਨੇ 8 ਫ਼ਰਵਰੀ ਤਕ ਰਿਮਾਂਡ 'ਤੇ ਭੇਜਿਆ
ਜਲੰਧਰ, 4 ਫ਼ਰਵਰੀ (ਵਰਿੰਦਰ ਸ਼ਰਮਾ, ਸਮਰਦੀਪ ਸਿੰਘ, ਕਰਮਵੀਰ ਸਿੰਘ) : ਮਨੀ ਲਾਂਡਰਿੰਗ ਮਾਮਲੇ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਣੇਵੇਂ ਭੁਪਿੰਦਰ ਸਿੰਘ ਉਰਫ਼ ਹਨੀ ਦੀ ਗਿ੍ਫ਼ਤਾਰੀ ਤੋਂ ਬਾਅਦ ਈਡੀ ਵਲੋਂ ਉਸ ਨੂੰ ਜਲੰਧਰ ਅਦਾਲਤ 'ਚ ਪੇਸ਼ ਕੀਤਾ ਗਿਆ | ਸਵੇਰ ਤੋਂ ਈਡੀ ਦੇ ਜਲੰਧਰ ਸਥਿਤ ਜ਼ੋਨ ਦਫ਼ਤਰ 'ਚ ਚਲ ਰਹੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ ਹੈ | ਉਸ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਜਲੰਧਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ 8 ਫ਼ਰਵਰੀ ਤਕ ਰੀਮਾਂਡ 'ਤੇ ਭੇਜ ਦਿਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਹਨੀ ਨੂੰ ਈ.ਡੀ. ਵਲੋਂ ਜਲੰਧਰ ਵਿਖੇ ਸ਼ਾਮ 6 ਵਜੇ ਪੁਛਗਿੱਛ ਲਈ ਬੁਲਾਇਆ ਗਿਆ ਸੀ ਪ੍ਰੰਤੂ ਅੱਧੀ ਰਾਤ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਈ ਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਨੀ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ |
ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਮਾਮਲੇ 'ਚ ਵੀਰਵਾਰ ਨੂੰ ਭੁਪਿੰਦਰ ਸਿੰਘ ਹਨੀ ਤੋਂ ਈਡੀ ਨੇ ਕਰੀਬ 8 ਘੰਟੇ ਪੁੱਛਗਿੱਛ ਕੀਤੀ | ਇਹ ਕਾਰਵਾਈ ਉਸ ਦੇ ਘਰੋਂ ਪਿਛਲੇ ਦਿਨੀਂ ਕਰੀਬ 8 ਕਰੋੜ ਰੁਪਏ ਦੀ ਨਕਦੀ ਮਿਲਣ ਮਗਰੋਂ ਕੀਤੀ ਗਈ | ਰਾਤ ਨੂੰ ਹਨੀ ਨੇ ਖ਼ਰਾਬ ਸਿਹਤ ਦੀ ਸ਼ਿਕਾਇਤ ਕੀਤੀ | ਈਡੀ ਅਧਿਕਾਰੀ ਉਸ ਨੂੰ ਸਿਵਲ ਹਸਪਤਾਲ ਲੈ ਗਏ | ਰਾਜ ਨੂੰ ਕਰੀਬ 1 ਵਜੇ ਗਿ੍ਫ਼ਤਾਰ ਕੀਤਾ ਗਿਆ | ਚੰਨੀ ਦੇ ਭਾਣਜਾ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਦੀ ਦੂਜੀ ਮੰਜ਼ਲ 'ਤੇ ਰਖਿਆ ਗਿਆ ਹੈ | ਹੇਠਾਂ ਆਮ ਆਦਮੀ ਪਾਰਟੀ ਦਾ ਧਰਨਾ ਚੱਲ ਰਿਹਾ ਹੈ ਅਤੇ ਈਡੀ ਕਰਮਚਾਰੀ ਇਸ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ |
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨਵਾਂਸ਼ਹਿਰ 'ਚ 2018 'ਚ ਦਰਜ ਹੋਏ ਮਾਮਲੇ ਨੂੰ ਨਕਦੀ ਬਰਾਮਦਗੀ ਦੇ ਮਾਮਲੇ ਨਾਲ ਵੀ ਜੋੜਿਆ ਹੈ | ਉਥੇ ਹੀ ਹਨੀ ਦੀ ਗਿ੍ਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁਧ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ | ਸ਼ੁਕਰਵਾਰ ਦੁਪਹਿਰ 12 ਵਜੇ ਦੇ ਕਰੀਬ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਗ੍ਰੀਨ ਮਾਡਲ ਟਾਊਨ ਸਥਿਤ ਈਡੀ ਦੇ ਦਫ਼ਤਰ ਪਹੁੰਚ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਜਲੰਧਰ ਪਛਮੀ ਤੋਂ ਪਾਰਟੀ ਦੀ ਉਮੀਦਵਾਰ ਸ਼ੀਤਲ ਅੰਗੁਰਾਲ ਵੀ ਉਥੇ ਪਹੁੰਚ ਗਈ ਹੈ | 'ਆਪ' ਵਰਕਰਾਂ ਨੇ ਈਡੀ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿਤਾ ਹੈ |
'ਆਪ' ਯੂਥ ਵਿੰਗ ਦੇ ਉਪ ਪ੍ਰਧਾਨ ਗੁਰਿੰਦਰ ਸਿੰਘ ਸ਼ੇਰਗਿੱਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀਆਂ ਨੇ ਮਿਲ ਕੇ ਕਰੋੜਾਂ-ਅਰਬਾਂ ਰੁਪਏ ਦਾ ਰੇਤ ਘਪਲਾ ਕੀਤਾ ਹੈ | ਸਿਰਫ਼ ਇਕ ਕੇਸ ਫੜਿਆ ਗਿਆ ਹੈ, ਅਜਿਹੇ ਹਜ਼ਾਰਾਂ ਕੇਸ ਹਨ | ਗੁਰਿੰਦਰ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਹੀ ਨਹੀਂ ਸਗੋਂ ਪੰਚਾਂ-ਸਰਪੰਚਾਂ ਨੂੰ ਵੀ ਬਹੁਤ ਫ਼ਾਇਦਾ ਹੋਇਆ ਹੈ | ਉਨ੍ਹਾਂ ਕੈਬਨਿਟ ਮੰਤਰੀ ਪਰਗਟ ਸਿੰਘ ਤੇ ਉਨ੍ਹਾਂ ਦੇ ਪੀ.ਏ 'ਤੇ ਵੀ ਗੰਭੀਰ ਦੋਸ਼ ਲਾਏ | ਇਸ ਮੌਕੇ ਚੋਣ ਜ਼ਾਬਤੇ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ | ਜਲੰਧਰ ਕੈਂਟ ਤੋਂ 'ਆਪ' ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਵੀ ਮੌਕੇ 'ਤੇ ਪਹੁੰਚ ਗਈ ਹੈ | ਉਨ੍ਹਾਂ ਤੋਂ ਇਲਾਵਾ ਅਕਾਲੀ ਦਲ ਦੇ ਸੁਖਮੰਦਰ ਸਿੰਘ ਰਾਜਪਾਲ ਅਪਣੇ ਸਾਥੀਆਂ ਸਮੇਤ ਈਡੀ ਦਫ਼ਤਰ ਪਹੁੰਚ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ |