
ਵਿਧਾਨ ਸਭਾ ਚੋਣਾਂ ਬਾਅਦ ਐਮਐਸਪੀ ਕਮੇਟੀ ਬਣਾਏਗੀ ਸਰਕਾਰ : ਤੋਮਰ
ਨਵੀਂ ਦਿੱਲੀ, 4 ਫ਼ਰਵਰੀ : ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੇ ਸਬੰਧ 'ਚ ਇਕ ਕਮੇਟੀ ਬਣਾਉਣ ਲਈ ਵਚਨਬੱਧ ਹੈ ਅਤੇ ਚੋਣ ਕਮਿਸ਼ਨ ਨੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਕਮੇਟੀ ਗਠਿਤ ਕਰਨ ਲਈ ਕਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਨਵੰਬਰ 'ਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਦੇ ਹੋਏ ਐਮ.ਐਸ.ਪੀ. 'ਤੇ ਕਾਨੂੰਨੀ ਗਾਰੰਟੀ ਦੀ ਕਿਸਾਨਾਂ ਦੀ ਮੰਗ 'ਤੇ ਵਿਚਾਰ ਕਰਨ ਲਈ ਇਕ ਕਮੇਟੀ ਗਠਤ ਕਰਨ ਦਾ ਵਾਅਦਾ ਕੀਤਾ ਸੀ |
ਤੋਮਰ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ | ਉਨ੍ਹਾਂ ਕਿਹਾ ਕਿ ਚੋਣਾਂ ਚਲ ਰਹੀਆਂ ਹਨ, ਇਸ ਲਈ ਸਰਕਾਰ ਨੇ ਚੋਣ ਕਮਿਸ਼ਨ ਨੂੰ ਮਾਰਗ ਦਰਸ਼ਨ ਲਈ ਚਿੱਠੀ ਲਿਖੀ ਸੀ | ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਜਵਾਬ ਆ ਗਿਆ ਹੈ ਅਤੇ ਚੋਣਾਂ ਸੰਪੰਨ ਹੋਣ ਤੋਂ ਬਾਅਦ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ | ਤੋਮਰ ਨੇ ਕਿਹਾ ਕਿ ਐੱਮ.ਐੱਸ.ਪੀ. 'ਤੇ ਕਮੇਟੀ ਬਣਾਉਣ ਦਾ ਮਾਮਲਾ ਮੰਤਰਾਲਾ ਦੇ ਵਿਚਾਰ ਅਧੀਨ ਹੈ ਅਤੇ ਵਿਧਾਨ ਸਭਾ ਚੋਣਾਂ ਸੰਪੰਨ ਹੋਣ ਤੋਂ ਬਾਅਦ ਇਸ ਦਾ ਗਠਨ ਕੀਤਾ ਜਾਵੇਗਾ |
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ, ਗੋਆ ਅਤੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ |
ਬੀਜੂ ਜਨਤਾ ਦਲ ਦੇ ਪ੍ਰਸੰਨਾ ਆਚਾਰਿਆ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਲਈ ਕੋਈ ਬਿੱਲ ਲਿਆਉਣ 'ਤੇ ਵਿਚਾਰ ਕਰ ਰਹੀ ਹੈ | ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਐਮਐਸਪੀ 'ਤੇ ਇਕ ਕਮੇਟੀ ਕੁੱਝ ਰਾਜਾਂ 'ਚ ਵਿਧਾਨ ਸਭਾ ਚੋਣਾਂ ਬਾਅਦ ਗਠਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਮਟੀ ਜੋ ਵੀ ਸਿਫ਼ਾਰਸ਼ਾਂ ਕਰੇਗੀ, ਸਰਕਾਰ ਉਨ੍ਹਾਂ 'ਤੇ ਵਿਚਾਰ ਕਰੇਗੀ |