
ਰਾਸ਼ਟਰਪਤੀ ਦੇ ਭਾਸ਼ਣ 'ਚ 700 ਸ਼ਹੀਦ ਕਿਸਾਨਾਂ ਲਈ ਕੋਈ ਸੋਗ ਸੰਦੇਸ਼ ਨਹੀਂ : ਸ਼ਿਵ ਸੈਨਾ
ਬੀਜੂ ਜਨਤਾ ਦਲ ਦੇ ਆਗੂ ਨੇ ਪੁਛਿਆ ਜੇ ਕਿਸਾਨ ਦੀ ਆਮਦਨ ਦੁਗਣੀ ਹੋ ਗਈ ਹੈ ਤਾਂ ਖ਼ੁਦਕੁਸ਼ੀਆਂ ਕਿਉਂ ਕਰ ਰਿਹਾ ਹੈ?
ਨਵੀਂ ਦਿੱਲੀ, 4 ਫ਼ਰਵਰੀ : ਰਾਜ ਸਭਾ ਵਿਚ ਸ਼ੁਕਰਵਾਰ ਨੂੰ ਸ਼ਿਵ ਸੈਨਾ ਨੇ ਮਹਾਰਾਸ਼ਟਰ, ਪਛਮੀ ਬੰਗਾਲ ਅਤੇ ਤਮਿਲਨਾਡੂ ਸਮੇਤ ਦੇਸ਼ ਦੇ ਕੁੱਝ ਰਾਜਾਂ ਦੇ ਰਾਜਪਾਲਾਂ ਵਲੋਂ ਕੇਂਦਰ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜਨੀਤਕ ਆਧਾਰ 'ਤੇ ਰਾਜਪਾਲਾਂ ਨੂੰ ਅਪਣੀ ਅਸਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਨਾਲ ਹੀ ਪਾਰਟੀ ਨੇ ਮਹਿਲਾਵਾਂ ਦੀ ਡਿਜੀਟਲ ਸੁਰੱਖਿਆ ਲਈ ਕੇਂਦਰ ਤੋਂ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ |
ਉਚ ਸਦਨ 'ਚ ਰਾਸ਼ਟਰਪਤੀ ਭਾਸ਼ਣ ਦੇ ਧਨਵਾਦ ਮਤੇ 'ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ ਦੀ ਪਿ੍ਅੰਕਾ ਚਤੁਰਵੇਦੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਸੁਣ ਕੇ ਅਜਿਹਾ ਲਗਿਆ ਕਿ ਦੇਸ਼ 'ਚ 'ਅਮਿ੍ਤ ਕਾਲ ਨਹੀਂ ਬਲਕਿ 'ਸੁਨਹਿਰਾ ਕਾਲ' ਸ਼ੁਰੂ ਹੋ ਗਿਆ ਹੈ | ਸਾਡੇ ਨੌਜਵਾਨ ਖ਼ੁਸ਼ ਹਨ, ਉਨ੍ਹਾਂ ਕੋਲ ਰੋਜ਼ਗਾਰ ਹੈ | ਸਾਡੇ ਕਿਸਾਨ ਖ਼ੁਸ਼ ਹਨ, ਉਨ੍ਹਾਂ ਦੀ ਆਮਦਨ ਦੁਗਣੀ ਹੋ ਗਈ ਹੈ | ਸਾਡੀਆਂ ਮਹਿਲਾਵਾਂ ਖ਼ੁਸ਼ ਹਨ, ਉਨ੍ਹਾਂ ਕੋਲ ਸੁਰੱਖਿਆ ਹੈ | ਅਜਿਹਾ ਲਗਿਆ ਕਿ ਆਮ ਆਦਮੀ ਨੂੰ ਕੋਈ ਸਮੱਸਿਆ ਨਹੀਂ ਹੈ | ਪਰ ਸੱਚਾਈ ਇਹ ਨਹੀਂ ਹੈ |
ਚਤੁਰਵੇਦੀ ਨੇ ਕਿਹਾ ਕਿ ਭਾਸ਼ਣ ਸੁਣ ਕੇ ਲਗਿਆ ਕਿ ਕਿਸਾਨਾਂ ਦੀ ਆਮਦਨ ਦੁਗਣੀ ਹੋ ਚੁਕੀ ਹੈ, ਕਿਸਾਨ ਖ਼ੁਸ਼ਹਾਲ ਹੈ, ਦੇਸ਼ ਦਾ ਵਿਕਾਸ ਹੋ ਰਿਹਾ ਹੈ | ਪਰ ਸੱਚਾਈ ਇਹ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਉਨ੍ਹਾਂ 700 ਕਿਸਾਨਾਂ ਬਾਰੇ ਇਕ ਵੀ ਸ਼ਬਦ ਨਾ ਕਿਹਾ ਗਿਆ ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿਚ ਹੋ ਰਹੇ ਅੰਦੋਲਨ ਦੌਰਾਨ ਅਪਣੀ ਜਾਨ ਗੁਆਈ |''
ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਵਿਧਾਨ ਵਿਰੁਧ ਜਾ ਕੇ ਤਿੰਨ ਕਾਲੇ ਕਾਨੂੰਨ ਬਣਾਏ, ਉਨ੍ਹਾਂ ਦੇ ਵਿਰੋਧ ਵਿਚ ਇਹ 700 ਕਿਸਾਨ ਸ਼ਹੀਦ ਹੋਏ | ਉਨ੍ਹਾਂ ਕਿਹਾ ਪਰ ਕਿਸਾਨਾਂ ਦੇ ਵਿਰੋਧ ਕਾਰਨ ਸਰਕਾਰ ਨੂੰ ਝੁਕਣਾ ਪਿਆ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ | ਉਨ੍ਹਾਂ ਕਿਹਾ ਕਿ ਭਾਸ਼ਣ ਵਿਚ ਇਨ੍ਹਾਂ 700 ਕਿਸਾਨਾਂ ਲਈ ਕੋਈ 'ਸੋਗ ਸੰਦੇਸ਼ ਨਹੀਂ ਹੈ |''
ਸ਼ਿਵ ਸੈਨਾ ਮੈਂਬਰ ਨੇ ਕਿਹਾ ਕਿ ਭਾਵੇਂ ਲਖੀਮਪੁਰ ਖੇੜੀ ਹੋਵੇ ਜਾਂ ਦਿੱਲੀ ਦੀਆਂ ਸਰਹੱਦਾਂ, ਸਾਰੀਆਂ ਥਾਵਾਂ 'ਤੇ ਕਿਸਾਨਾਂ 'ਤੇ ਲਾਠੀਆਂ ਬਰਸਾਈਆਂ ਗਈਆਂ ਅਤੇ ਉਨ੍ਹਾਂ ਨੂੰ ਗੱਡੀਆਂ ਨਾਲ ਕੁਚਲਿਆ ਗਿਆ | ਚਤੁਰਵੇਦੀ ਨੇ ਸਵਾਲ ਕੀਤਾ ਕਿ ਜੇਕਰ ਦੇਸ਼ ਦਾ ਨੌਜਵਾਨ ਇੰਨਾ ਹੀ ਖ਼ੁਸ਼ ਹੈ ਤਾਂ ਉਹ ਉਤਰ ਪ੍ਰਦੇਸ਼, ਬਿਹਾਰ ਅਤੇ ਹੋਰ ਥਾਵਾਂ 'ਤੇ ਬੇਰੋਜ਼ਗਾਰੀ ਵਿਰੁਧ ਪ੍ਰਦਰਸ਼ਨ ਕਰਨ ਲਈ ਕਿਉਂ ਮਜਬੂਰ ਹੋ ਰਹੇ ਹਨ?
ਰਾਜ ਸਭਾ 'ਚ ਬੀਜੂ ਜਨਤਾ ਦਲ ਦੇ ਆਗੂ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਵਾਅਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਸਵਾਲ ਕੀਤਾ ਕਿ ਜੇਕਰ ਕਿਸਾਨਾਂ ਦੀ ਆਮਦਨ ਦੁਗਣੀ ਹੋ ਗਈ ਹੈ ਤਾਂ ਅੱਜ ਉਨ੍ਹਾਂ ਨੂੰ ਹਰ ਰੋਜ਼ ਖ਼ੁਦਕੁਸੀ ਕਰਨ ਨੂੰ ਮਜਬੂਰ ਕਿਉਂ ਹੋਣਾ ਪੈ ਰਿਹਾ ਹੈ? ਨਾਲ ਹੀ ਪਾਰਟੀ ਨੇ ਮਹਿਲਾ ਸ਼ਕਤੀਕਰਨ ਅਤੇ ਸੰਘਵਾਦ ਨੂੰ ਲੈ ਕੇ ਸਰਕਾਰ ਦੀ 'ਕਹਿਣੀ ਅਤੇ ਕਰਨੀ 'ਚ ਫ਼ਰਕ'' ਹੋਣ ਦਾ ਦੋਸ਼ ਵੀ ਲਾਇਆ | ਰਾਸ਼ਟਰਪਤੀ ਦੇ ਭਾਸ਼ਣ ਦੇ ਧਨਵਾਦ ਮਤੇ 'ਤੇ ਉਚ ਸਦਨ 'ਚ ਚਰਚਾ 'ਚ ਹਿੱਸਾ ਲੈਂਦੇ ਹੋਏ ਬੀਜੂ ਜਨਤਾ ਦਲ ਦੇ ਪ੍ਰਸੰਨ ਪ੍ਰਚਾਰਿਆ
ਨੇ ਕਿਹਾ ਕਿ ਭਾਸ਼ਣ 'ਚ ਕਿਸਾਨਾਂ ਵਲੋਂ ਗ੍ਰਮੀਣ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਦੀ ਜੋ ਗੱਲ ਕਹੀ ਗਈ ਹੈ, ਉਹ ਸਵਾਗਤਯੋਗ ਹੈ |
ਪਰ ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਜਦ ਕਿਸਾਨਾਂ ਨੇ ਦੇਸ਼ 'ਚ ਇੰਨਾਂ ਯੋਗਦਾਨ ਦਿਤਾ ਤਾਂ ਬਦਲੇ 'ਚ ਉਸ ਨੂੰ ਕੀ ਮਿਲਿਆ? ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨਾ ਦਾ ਵਾਅਦਾ ਕੀਤਾ ਸੀ |
ਉਨ੍ਹਾਂ ਸਰਕਾਰ ਤੋਂ ਸਵਾਲ ਕੀਤਾ ਕਿ ਕੀ ਕਿਸਾਨਾਂ ਦੀ ਆਮਦਨ ਹਾਲੇ ਤਕ ਦੁਗਣੀ ਹੋ ਪਾਈ ਹੈ? ਉਨ੍ਹਾਂ ਇਹ ਵੀ ਪੁਛਿਆ ਕਿ ਜੇ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਹੁੰਦੀ ਤਾਂ ਉਹ ਰੋਜ਼ਾਨਾ ਖ਼ੁਦਕੁਸ਼ੀ ਕਿਉਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ 'ਚ ਛੋਟੇ ਅਤੇ ਸੀਮਾਂਤ ਕਿਸਾਨ ਅਤੇ ਬੇਜ਼ਮੀਨੇ ਕਿਸਾਨ ਸੱਭ ਤੋਂ ਵੱਧ ਹਨ |
ਬੀਜਦ ਆਗੂ ਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2019 ਵਿਚ ਦੇਸ਼ 'ਚ 42,480 ਕਿਸਾਨਾਂ ਅਤੇ ਦਿਹਾੜੀ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ, ਜੋ ਪਿਛਲੇ ਸਾਲ ਦੇ ਮੁਕਾਬਲੇ 6 ਫ਼ੀ ਸਦੀ ਵੱਧ ਮਾਮਲੇ ਸਨ | ਉਨ੍ਹਾਂ ਕਿਹਾ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਐਮਐਸਪੀ ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ | (ਏਜੰਸੀ)