
ਵਿਰੋਧੀ ਪਾਰਟੀਆਂ ਦੀ ਰਾਜਨੀਤੀ ਕਾਰਨ ਪੀੜਤ ਪ੍ਰਵਾਰ ਨੂੰ ਇਨਸਾਫ਼ ਮਿਲਣ ਵਿਚ ਹੋਈ ਦੇਰੀ : ਜਲਾਲਪੁਰ
ਪਟਿਆਲਾ/ਘਨੌਰ, 4 ਮਾਰਚ (ਜਸਪਾਲ ਸਿੰਘ ਢਿੱਲੋਂ, ਸਰਦਾਰਾ ਸਿੰਘ ਲਾਛੜੂ) : ਕਰੀਬ ਡੇਢ ਸਾਲ ਪਹਿਲਾਂ ਖੇੜੀ ਗੰਡਿਆਂ ਵਿਖੇ ਬੱਚਿਆਂ ਦੇ ਅੰਨ੍ਹੇ ਕਤਲ ਦੀ ਕਹਾਣੀ ਬਹੁਤ ਹੀ ਦੁਖਦਾਈ ਹੈ ਭਾਵੇਂ ਸਾਡੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਇਸ ਦੇ ਅਸਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪ੍ਰੰਤੂ ਜਦੋਂ ਤਕ ਦੋਸ਼ੀ ਫਾਂਸੀ ’ਤੇ ਨਹੀਂ ਲਟਕ ਜਾਂਦੇ ਉਦੋਂ ਤਕ ਮੈਂ ਟਿਕ ਕੇ ਨਹੀਂ ਬੈਠਾਂਗਾ ਅਤੇ ਪੂਰੀ ਕਾਨੂੰਨੀ ਲੜਾਈ ਲੜ ਕੇ ਪੀੜਤ ਪ੍ਰਵਾਰ ਨੂੰ ਇਨਸਾਫ਼ ਦਿਵਾ ਕੇ ਰਹਾਂਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਖੇੜੀ ਗੰਡਿਆਂ ਵਿਖੇ ਪ੍ਰੈਸ ਕਾਨਫ਼ਰੰਸ ਅਤੇ ਪਿੰਡ ਵਾਸੀਆਂ ਵਲੋਂ ਰੱਖੀ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਪਿੰਡ ਵਾਸੀਆਂ ਅਤੇ ਪੀੜਤ ਪ੍ਰਵਾਰ ਵਲੋਂ ਮਿਲੇ ਸਹਿਯੋਗ ਲਈ ਧਨਵਾਦ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਇਸ ਮੁੱਦੇ ’ਤੇ ਰਾਜਨੀਤੀ ਕਰਨ ਕਾਰਨ ਇਨਸਾਫ਼ ਮਿਲਣ ਵਿਚ ਬਹੁਤ ਦੇਰੀ ਹੋਈ ਹੈ ਪ੍ਰੰਤੂ ਪੁਲਿਸ ਵਲੋਂ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਲਈ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਖੇੜੀ ਗੰਡਿਆਂ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਵਧਾਈ ਦੇ ਪਾਤਰ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਇਸ ਕੇਸ ਨੂੰ ਸੁਲਝਾਉਣ ਦੀ ਬਜਾਏ ਧਰਨੇ ਅਤੇ ਰੋਸ ਮੁਜ਼ਾਹਰੇ ਕਰ ਕੇ ਪੁਲਿਸ ਦੀ ਕਾਰਵਾਈ ਵਿਚ ਅੜਿੱਕਾ ਪਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਵਿਧਾਇਕ ਮਦਨ ਲਾਲ ਜਲਾਲਪੁਰ, ਪਿੰਡ ਵਾਸੀਆਂ ਅਤੇ ਪੀੜਤ ਪ੍ਰਵਾਰ ਵਲੋਂ ਮਿਲੇ ਸਹਿਯੋਗ ਸਦਕਾ ਪੰਜਾਬ ਪੁਲਿਸ ਇਸ ਮਸਲੇ ਨੂੰ ਹੱਲ ਕਰਨ ਵਿਚ ਕਾਮਯਾਬ ਹੋਈ ਹੈ।