
ਪੇਸ਼ਾਵਰ ’ਚ ਜੁੰਮੇ ਦੀ ਨਮਾਜ਼ ਦੌਰਾਨ ਮਸਜਿਦ ’ਚ ਆਤਮਘਾਤੀ ਬੰਬ ਧਮਾਕਾ, 56 ਮੌਤਾਂ, 190 ਜ਼ਖ਼ਮੀ
ਪੇਸ਼ਾਵਰ, 4 ਮਾਰਚ : ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਮਸਜਿਦ ਵਿਚ ਜੁੰਮੇ ਦੀ ਨਮਾਜ਼ ਦੌਰਾਨ ਹੋਏ ਜ਼ਬਰਦਸਤ ਬੰਬ ਧਮਾਕੇ ਵਿਚ ਘੱਟੋ-ਘੱਟ 56 ਲੋਕ ਮਾਰੇ ਗਏ ਅਤੇ 190 ਤੋਂ ਵੱਧ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਪ੍ਰਸ਼ਾਸਨ ਹੰਗਾਮੀ ਸਥਿਤੀ ਵਿਚ ਹੈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬੰਬ ਧਮਾਕੇ ਦੀ ਕਿਸਮ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਆਤਮਘਾਤੀ ਹਮਲਾ ਜਾਪਦਾ ਹੈ।
ਅਧਿਕਾਰੀਆਂ ਦੇ ਹਵਾਲੇ ਤੋਂ ਦਸਿਆ ਕਿ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਖੇਤਰ ਦੀ ਜਾਮੀਆ ਮਸਜਿਦ ’ਚ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਨਮਾਜ਼ ਅਦਾ ਕਰ ਰਹੇ ਸਨ। ਇਹ ਇਕ ਸ਼ੀਆ ਮਸਜਿਦ ਹੈ ਜੋ ਇਕ ਬਹੁਤ ਭੀੜ-ਭੜੱਕੇ ਵਾਲੇ ਇਕਾਲੇ ਵਿਚ ਮੌਜੂਦ ਹੈ। ਘਟਨਾ ਸਮੇਂ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਅਜੇ ਤਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨੀ ਅਖ਼ਬਾਰ ’ਡਾਨ’ ਦੀ ਰਿਪੋਰਟ ਮੁਤਾਬਕ ਲੇਡੀ ਰੀਡਿੰਗ ਦੇ ਮੀਡੀਆ ਮੈਨੇਜਰ ਅਸੀਮ ਖ਼ਾਨ ਨੇ ਦਸਿਆ ਕਿ ਹੁਣ ਤਕ 56 ਲਾਸ਼ਾਂ ਹਸਪਤਾਲ ’ਚ ਲਿਆਂਦੀਆਂ ਜਾ ਚੁਕੀਆਂ ਹਨ। ਹਮਲੇ ’ਚ ਜ਼ਖਮੀ ਹੋਏ 10 ਲੋਕਾਂ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਕਾਰਨ ਜ਼ਖ਼ਮੀਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਪੇਸ਼ਾਵਰ ਦੇ ਪੁਲਿਸ ਅਧਿਕਾਰੀ ਏਜਾਜ਼ ਅਹਿਸਾਨ ਨੇ ਦਸਿਆ ਕਿ ਦੋ ਹਮਲਾਵਰਾਂ ਨੇ ਮਸਜਿਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਹਮਲਾਵਰਾਂ ਨੇ ਮੌਕੇ ’ਤੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ ’ਤੇ ਵੀ ਗੋਲੀਆਂ ਚਲਾਈਆਂ। ਇਸ ਹਮਲੇ ’ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬੰਬ ਫਟ ਗਿਆ। ਜ਼ਿਕਰਯੋਗ ਹੈ ਕਿ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਆਉਣ ਤੋਂ ਬਾਅਦ ਪਾਕਿਸਤਾਨ ’ਚ ਅਤਿਵਾਦੀ ਹਮਲੇ ਵਧ ਗਏ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇਮਰਾਨ ਖ਼ਾਨ ਸਰਕਾਰ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ। (ਏਜੰਸੀ)