
'ਆਪ' ਨੇ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ 16 ਫੀਸਦੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਚੰਡੀਗੜ੍ਹ: ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਦੋਸ਼ ਲਾਇਆ ਸੀ ਪਰ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਾਲੀ ਦਲ ਦੇ 63% ਉਮੀਦਵਾਰ ਅਜਿਹੇ ਹਨ ਜਿਨ੍ਹਾਂ ਖਿਲਾਫ਼ “ਗੰਭੀਰ ਅਪਰਾਧਿਕ ਮਾਮਲੇ"ਹਨ। 'ਆਪ' ਨੇ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ 16 ਫੀਸਦੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਇਸ ਵਾਰ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ਵਿਚ ਚੋਣਾਂ ਲੜ ਰਹੀ ਹੈ।
ਅਕਾਲੀ ਦਲ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਲੜਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਚਾਰਟ ਵਿਚ ਸਿਖਰ 'ਤੇ ਹੈ, ਜਿਸ ਦੇ ਅਪਰਾਧਿਕ ਮਾਮਲਿਆਂ ਵਾਲੇ 68% ਅਤੇ ਗੰਭੀਰ ਅਪਰਾਧਿਕ ਮਾਮਲਿਆਂ ਵਾਲੇ 63% ਉਮੀਦਵਾਰ ਮੈਦਾਨ ਵਿਚ ਹਨ। ਇਹ ਜਾਣਕਾਰੀ ਨੈਸ਼ਨਲ ਇਲੈਕਸ਼ਨ ਵਾਚ ਐਂਡ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ ਵਲੋਂ ਸਾਰੇ ਪੰਜ ਸੂਬਿਆਂ- ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿਚ ਪਾਰਟੀ ਉਮੀਦਵਾਰਾਂ ਵਲੋਂ ਦਾਇਰ ਕੀਤੇ ਗਏ ਹਲਫੀਆ ਬਿਆਨ ਦੇ ਆਧਾਰ 'ਤੇ ਕਰਵਾਏ ਗਏ ਅਧਿਐਨ ਵਿਚ ਸਾਹਮਣੇ ਆਈ ਹੈ।
ਅਕਾਲੀ ਦਲ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੇ 56% ਉਮੀਦਵਾਰ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ 41% ਗੰਭੀਰ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਜਯੰਤ ਚੌਧਰੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕ ਦਲ ਤੀਜੇ ਸਥਾਨ 'ਤੇ ਹੈ ਕਿਉਂਕਿ ਇਸ ਨੇ 51% ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ ਹਨ ਜੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ 46% ਖ਼ਿਲਾਫ਼ ਯੂਪੀ ਗੰਭੀਰ ਅਪਰਾਧਿਕ ਕੇਸ ਦਰਜ ਹਨ।
ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਹਲਕੇ ਤੋਂ ਚੋਣ ਲੜ ਰਹੇ ਸੁਖਬੀਰ ਸਿੰਘ ਬਾਦਲ ਖਿਲਾਫ਼ ਆਈਪੀਸੀ ਤਹਿਤ 10 ਗੰਭੀਰ ਦੋਸ਼ਾਂ ਸਮੇਤ 7 ਮਾਮਲੇ ਦਰਜ ਹਨ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਆਈਪੀਸੀ ਤਹਿਤ 18 ਗੰਭੀਰ ਦੋਸ਼ਾਂ ਸਮੇਤ ਸਭ ਤੋਂ ਵੱਧ 15 ਕੇਸ ਦਰਜ ਹਨ। ਬਠਿੰਡਾ ਜ਼ਿਲ੍ਹੇ ਦੇ ਹਲਕਾ ਭੁੱਚੋ ਮੰਡੀ ਤੋਂ ਕਾਂਗਰਸੀ ਉਮੀਦਵਾਰ ਦੂਜੇ ਨੰਬਰ 'ਤੇ ਆਉਂਦਾ ਹੈ ਅਤੇ ਉਹਨਾਂ 'ਤੇ ਕੁੱਲ ਚਾਰ ਕੇਸ ਹਨ ਪਰ ਆਈਪੀਸੀ ਤਹਿਤ 11 ਗੰਭੀਰ ਦੋਸ਼ ਹਨ।
ਚਾਰ ਉਮੀਦਵਾਰਾਂ 'ਤੇ ਕਤਲ ਦੇ ਮਾਮਲੇ ਦਰਜ
ਪੰਜਾਬ 'ਚ ਚਾਰ ਉਮੀਦਵਾਰਾਂ 'ਤੇ ਕਤਲ, 33 'ਤੇ ਕਤਲ ਦੀ ਕੋਸ਼ਿਸ਼ ਅਤੇ 15 'ਤੇ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਦਰਜ ਹਨ। ਦੋਵੇਂ ਲੋਕ ਇਨਸਾਫ ਪਾਰਟੀ ਦੇ ਨੇਤਾਵਾਂ ਅਤੇ ਭਰਾਵਾਂ-ਬਲਵਿੰਦਰ ਸਿੰਘ ਬੈਂਸ (ਲੁਧਿਆਣਾ ਦੱਖਣੀ) ਸਿਮਰਜੀਤ ਸਿੰਘ ਬੈਂਸ (ਆਤਮ ਨਗਰ) ਨੇ ਘੋਸ਼ਣਾ ਕੀਤੀ ਹੈ ਕਿ ਉਹ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਵਿਚ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਅਜਨਾਲਾ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਫਗਵਾੜਾ ਤੋਂ ਐਲਆਈਪੀ ਉਮੀਦਵਾਰ ਜਰਨੈਲ ਨੰਗਲ ਅਤੇ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਜਸਬੀਰ ਸਿੰਘ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ 93% ਉਮੀਦਵਾਰ ਕਰੋੜਪਤੀ
ਪੰਜ ਸੂਬਿਆਂ ਵਿਚ ਚੋਣਾਂ ਲੜ ਰਹੀਆਂ ਸਾਰੀਆਂ ਪਾਰਟੀਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ 93% ਉਮੀਦਵਾਰ ਕਰੋੜਪਤੀ ਹਨ। ਇਸ ਤੋਂ ਬਾਅਦ ਭਾਜਪਾ ਦੇ 87% ਕਰੋੜਪਤੀ ਉਮੀਦਵਾਰ ਅਤੇ ਆਰਐਲਡੀ ਦੇ 86% ਉਮੀਦਵਾਰ ਹਨ। 'ਆਪ' ਨੇ 44 ਫੀਸਦੀ ਕਰੋੜਪਤੀ ਉਮੀਦਵਾਰ ਖੜ੍ਹੇ ਕੀਤੇ ਹਨ। ਗੋਆ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਾਰੇ ਚੋਣ ਲੜ ਰਹੇ ਉਮੀਦਵਾਰਾਂ ਦੀ ਸਭ ਤੋਂ ਵੱਧ ਔਸਤਨ ਜਾਇਦਾਦ 6 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਔਸਤਨ 4 ਕਰੋੜ ਰੁਪਏ ਅਤੇ ਉੱਤਰ ਪ੍ਰਦੇਸ਼ ਵਿਚ 3 ਕਰੋੜ ਰੁਪਏ ਤੋਂ ਵੱਧ ਹੈ।
ਸੁਪਰੀਮ ਕੋਰਟ ਨੇ ਕੀ ਕਿਹਾ?
ਰਾਜਨੀਤੀ ਦੇ ਅਪਰਾਧੀਕਰਨ ਦਾ ਨੋਟਿਸ ਲੈਂਦਿਆਂ ਜਸਟਿਸ ਆਰ ਐਫ ਨਰੀਮਨ ਅਤੇ ਐਸ ਰਵਿੰਦਰ ਭੱਟ ਦੀ ਬੈਂਚ ਨੇ 13 ਫਰਵਰੀ 2020 ਨੂੰ ਕਿਹਾ, "ਅਸੀਂ ਇਹ ਵੀ ਨੋਟ ਕੀਤਾ ਕਿ ਸਿਆਸੀ ਪਾਰਟੀਆਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੰਦੀਆਂ ਕਿ ਲੰਬਿਤ ਅਪਰਾਧਿਕ ਮਾਮਲਿਆਂ ਵਾਲੇ ਉਮੀਦਵਾਰਾਂ ਨੂੰ ਕਿਉਂ ਚੁਣਿਆ ਜਾਂਦਾ ਹੈ।" ਉਹਨਾਂ ਅੱਗੇ ਕਿਹਾ, "ਇਹ ਲਾਜ਼ਮੀ ਹੋਵੇਗਾ ਕਿ ਰਾਜਨੀਤਿਕ ਪਾਰਟੀਆਂ (ਕੇਂਦਰੀ ਅਤੇ ਰਾਜ ਪੱਧਰ 'ਤੇ) ਆਪਣੀ ਵੈੱਬਸਾਈਟ 'ਤੇ ਲੰਬਿਤ ਅਪਰਾਧਿਕ ਮਾਮਲਿਆਂ ਵਾਲੇ ਵਿਅਕਤੀਆਂ ਅਤੇ ਸੰਬੰਧਿਤ ਵੇਰਵਿਆਂ ਸਮੇਤ ਵਿਸਤ੍ਰਿਤ ਜਾਣਕਾਰੀ ਅਪਲੋਡ ਕਰਨ”।