
ਲੁਧਿਆਣਾ ਦੇ ਈਸੇਵਾਲ ਸਮੂਹਕ ਬਲਾਤਕਾਰ ਮਾਮਲੇ 'ਚ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਲੁਧਿਆਣਾ/ਜਗਰਾਉਂ, 4 ਮਾਰਚ (ਪਰਮਜੀਤ ਸਿੰਘ ਗਰੇਵਾਲ, ਕਿਰਨਵੀਰ ਸਿੰਘ ਮਾਂਗਟ) : 3 ਸਾਲ ਪਹਿਲਾਂ ਅੱਧੀ ਦਰਜਨ ਨੌਜਵਾਨਾਂ ਵਲੋਂ ਕਾਰ ਨੂੰ ਘੇਰ ਕੇ ਉਸ ਵਿਚ ਸਵਾਰ ਮੁਟਿਆਰ ਨਾਲ ਉਸ ਦੇ ਹੀ ਦੋਸਤ ਸਾਹਮਣੇ ਗੈਂਗਰੇਪ ਕਰਨ ਵਾਲੇ ਅੱਧੀ ਦਰਜਨ ਨੌਜਵਾਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ | ਸ਼ੁਕਰਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਜੇਲ ਵਿਚ ਬੰਦ ਗੈਂਗਰੇਪ ਦੇ ਅੱਧੀ ਦਰਜਨ ਦੋਸ਼ੀਆਂ ਨੂੰ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ |
ਜ਼ਿਕਰਯੋਗ ਹੈ ਕਿ 9 ਫ਼ਰਵਰੀ ਸਾਲ 2019 ਵਾਲੇ ਦਿਨ ਲੁਧਿਆਣਾ ਦੀ ਮੁਟਿਆਰ ਅਪਣੇ ਇਕ ਦੋਸਤ ਨਾਲ ਕਾਰ 'ਤੇ ਲੁਧਿਆਣਾ ਤੋਂ ਈਸੇਵਾਲ ਨਹਿਰ ਰਸਤੇ ਜਾ ਰਹੀ ਸੀ | ਈਸੇਵਾਲ ਨਹਿਰ ਪੁਲ ਚੰਗਣਾ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰਾਹ ਵਿਚ ਰੋਕ ਕੇ ਕਾਰ ਦੇ ਸ਼ੀਸ਼ੇ ਵਿਚ ਇੱਟ ਮਾਰ ਕੇ ਸਟੇਰਿੰਗ ਫੜ ਲਿਆ | ਇਸ ਤੋਂ ਬਾਅਦ ਤਿੰਨਾਂ ਮੋਟਰਸਾਈਕਲ ਸਵਾਰਾਂ ਨੇ ਫ਼ੋਨ ਕਰ ਕੇ ਅਪਣੇ ਤਿੰਨ ਹੋਰ ਦੋਸਤਾਂ ਨੂੰ ਮੌਕੇ 'ਤੇ ਸੱਦ ਲਿਆ | ਸਾਰਿਆਂ ਨੇ ਮੁਟਿਆਰ ਨਾਲ ਉਸ ਦੇ ਹੀ ਦੋਸਤ ਸਾਹਮਣੇ ਗੈਂਗਰੇਪ ਕੀਤਾ | ਇਸ ਤੋਂ ਬਾਅਦ ਉਸ ਦੇ ਦੋਸਤ ਨੂੰ ਮੁਟਿਆਰ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ | ਇਸ ਮਾਮਲੇ ਦਾ ਖ਼ੁਲਾਸਾ ਹੋਣ 'ਤੇ ਥਾਣਾ ਦਾਖਾ ਵਿਖੇ ਅਗਲੇ ਦਿਨ ਦੋਸ਼ੀ 'ਤੇ ਮੁਕੱਦਮਾ ਦਰਜ ਕਰ ਕੇ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ |
ਇਹ ਮਾਮਲਾ ਉਸ ਸਮੇਂ ਮੀਡੀਆ ਵਿਚ ਪੂਰੀ ਤਰ੍ਹਾਂ ਸੁਰਖ਼ੀਆਂ 'ਤੇ ਰਹਿਣ ਤੋਂ ਬਾਅਦ ਦਬਾਅ 'ਚ ਆਈ ਪੰਜਾਬ ਪੁਲਿਸ ਨੇ ਉਸ ਸਮੇਂ ਦੇ ਡੀਐਸਪੀ ਹਰਕਮਲ ਕੌਰ ਦੀ ਅਗਵਾਈ ਹੇਠ ਸਿੱਟ ਦਾ ਗਠਨ ਕੀਤਾ ਗਿਆ | ਪੁਲਿਸ ਪਾਰਟੀ ਨੇ ਮੁਟਿਆਰ ਨਾਲ ਜਬਰ ਜਨਾਹ ਕਰਨ ਵਾਲੇ ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਜਸਪਾਲ ਬਾਂਗਰ, ਸਾਦਿਕ ਅਲੀ ਉਰਫ਼ ਸਾਦਿਕ ਪੁੱਤਰ ਅਬਦੁਲ ਖਾਨ ਵਾਸੀ ਰਿੰਪਾ, ਸੈਫ ਅਲੀ ਪੁੱਤਰ ਈਸਾ ਅਲੀ ਵਾਸੀ ਪਿੰਡ ਪੱਦੀ, ਲਿਆਕਤ ਅਲੀ ਪੁੱਤਰ ਸਬਾਊੂਦੀਨ ਵਾਸੀ ਨਿਊ ਗੁੱਜਰ ਬਸਤੀ ਚੰਨ ਗਵਾਹਾਂ (ਜੰਮੂ ਕਸ਼ਮੀਰ) ਤੇ ਸੁਰਮੂੰ ਪੁੱਤਰ ਰੋਸ਼ਨ ਦੀਨ ਵਾਸੀ ਖਾਨਪੁਰ ਨੂੰ ਗਿ੍ਫ਼ਤਾਰ ਕੀਤਾ ਸੀ | ਸੋਮਵਾਰ ਨੂੰ ਵਧੀਕ ਸੈਸ਼ਨ ਜੱਜ ਲੁਧਿਆਣਾ ਰਸ਼ਮੀ ਸ਼ਰਮਾ ਦੀ ਅਦਾਲਤ ਵਲੋਂ ਗਿ੍ਫ਼ਤਾਰ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਸਾਰੇ ਦੋਸ਼ੀਆਂ ਨੂੰ ਇਕ-ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਜੋ ਪੀੜਤਾਂ ਨੂੰ ਦਿਤਾ ਜਾਵੇਗਾ |
ਫੋਟੋ ਫਾਈਲ : ਜਗਰਾਉਂ ਗਰੇਵਾਲ-2
ਕੈਪਸ਼ਨ : ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਲਿਜਾਂਦੇ ਹੋਏ ਪੁਲਿਸ ਅਧਿਕਾਰੀ |