
ਮੰਡੀ ’ਚ ਨਵੀਂ ਸਰੋ੍ਹਂ ਆਉਣੀ ਹੋਈ ਸ਼ੁਰੂ, ਪਹਿਲੀ ਢੇਰੀ 7015 ਰੁਪਏ ਦੇ ਹਿਸਾਬ ਨਾਲ ਵਿਕੀ
ਅਬੋਹਰ, 5 ਮਾਰਚ (ਕੁਲਦੀਪ ਸਿੰਘ ਸੰਧੂ) : ਰੱਬੀ ਸੀਜ਼ਨ ਦੀ ਸ਼ੁਰੂਆਤ ਸਥਾਨਕ ਦਾਣਾ ਮੰਡੀ ਵਿਚ ਹੋਈ, ਜਿੱਥੇ ਪਿੰਡ ਘੱਲੂ ਦੇ ਕਿਸਾਨ ਵਲੋਂ ਲਿਆਈ ਗਈ ਸਰੋਂ ਦੀ ਫ਼ਸਲ ਦੀ ਖ਼ਰੀਦ 7015 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਗਈ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਨਗੌਰੀ ਨੇ ਸਾਰੇ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਭਰਾਵਾਂ ਨੂੰ ਰੱਬੀ ਸੀਜ਼ਨ ਦੀ ਵਧਾਈ ਦਿਤੀ। ਅਨਿਲ ਨਗੌਰੀ ਨੇ ਦਸਿਆ ਕਿ ਸਰੋਂ ਦੀ ਫ਼ਸਲ ਦੀ ਪਹਿਲੀ ਢੇਰੀ ਅਨਾਜ ਮੰਡੀ ਵਿਚ ਘੱਲੂ ਦੇ ਕਿਸਾਨ ਸ਼ੇਰ ਬਹਾਦੁਰ ਛਾਬੜਾ ਵਲੋਂ ਲਿਆਈ ਗਈ ਹੈ।
ਉਨ੍ਹਾਂ ਦਸਿਆ ਕਿ 20 ਕੁਇੰਟਲ ਸਰੋਂ ਦੀ ਖ਼ਰੀਦ ਗੁਰੂ ਨਾਨਕ ਫ਼ਲੌਰ ਮਿੱਲ ਦੇ ਸੰਚਾਲਕਾਂ ਵਲੋਂ 7015 ਰੁਪਏ ਕੁਇੰਟਲ ਦੇ ਹਿਸਾਬ ਕੀਤੀ ਗਈ। ਅਨਿਲ ਨਗੌਰੀ ਨੇ ਦਸਿਆ ਕਿ ਬੀਤੇ ਸਾਲ ਸਰੋਂ ਦੀ ਖ਼ਰੀਦ ਦੀ ਸ਼ੁਰੂਆਤ 5200 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ ਹੋਈ ਸੀ, ਜੋ ਕਿ ਇਸ ਵਾਰ 7015 ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਇਸ ਨਾਲ ਕਾਫ਼ੀ ਮੁਨਾਫ਼ਾ ਹੋਵੇਗਾ। ਇਸ ਮੌਕੇ ਅਸ਼ਵਨੀ ਸੇਤੀਆ, ਬਿੱਟੂ ਛਾਬੜਾ, ਸ਼ੁਭਮ ਛਾਬੜਾ, ਹੰਸ ਰਾਜ, ਅਮਰ ਲਾਲ, ਕ੍ਰਿਸ਼ਨ ਕੁਮਾਰ, ਲਾਲਾ ਬਾਂਸਲ, ਅਮਿਤ ਗੁਪਤਾ, ਵਿਸ਼ਾਲ ਗੁਪਤਾ, ਸੰਜੇ, ਅਮੀਰ ਚੰਦ, ਕਾਲੀ ਇੱਛਪੁਜਾਣੀ, ਹਰਨੇਕ, ਰਾਮ ਲੁਭਾਇਆ ਅਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਵਿੰਦਰ ਸਿੰਘ ਮੌਜੂਦ ਸਨ।
ਐਫ.ਜੇਡ.ਕੇ._05_01ਬੀ-
ਅਬੋਹਰ ਦੀ ਨਵੀਂ ਅਨਾਜ ਮੰਡੀ ਵਿਚ ਆਈ ਸਰੋਂ ਦੀ ਖ਼ਰੀਦ ਹੋਣ ਉਪਰੰਤ ਮੂੰਹ ਮਿਠਾ ਕਰਵਾਉਂਦੇ ਹੋਏ ਪ੍ਰਧਾਨ ਅਨਿਲ ਨਗੌਰੀ ਤੇ ਹੋਰ। ਫ਼ੋਟੋ : ਕੁਲਦੀਪ ਸਿੰਘ ਸੰਧੂ