
ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਕਿ ਹਾਈ ਕੋਰਟ ਨੇ ਭਵਿੱਖ ਵਿਚ ਸੁਮੇਧ ਸੈਣੀ 'ਤੇ ਹੋਣ ਵਾਲੀ ਕਾਰਵਾਈ 'ਤੇ ਰੋਕ ਕਿਵੇਂ ਲਗਾ ਦਿਤੀ
ਨਵੀਂ ਦਿੱਲੀ, 4 ਮਾਰਚ : ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਪਟੀਸਨ 'ਤੇ ਦੋ ਹਫ਼ਤਿਆਂ ਦੇ ਅੰਦਰ ਫ਼ੈਸਲਾ ਕਰਨ ਲਈ ਕਿਹਾ ਹੈ | ਇਸ ਪਟੀਸਨ 'ਚ ਉਸ ਵਿਰੁਧ ਲੰਬਿਤ ਸਾਰੇ ਅਪਰਾਧਿਕ ਮਾਮਲਿਆਂ ਨੂੰ ਸੀਬੀਆਈ ਨੂੰ ਟਰਾਂਸਫ਼ਰ ਕਰਨ ਲਈ ਵੀ ਕਿਹਾ ਗਿਆ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਸੈਣੀ ਦੇ ਖ਼ਿਲਾਫ਼ ਸਾਰੇ ਲੰਬਿਤ ਅਪਰਾਧਿਕ ਮਾਮਲਿਆਂ ਨੂੰ ਸੀਬੀਆਈ ਨੂੰ ਟਰਾਂਸਫਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ | ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਕਿਹਾ ਕਿ ਉਹ ਜਾਂ ਤਾਂ ਇਸ ਮਾਮਲੇ ਦੀ ਸੁਣਵਾਈ ਖੁਦ ਕਰਨ ਜਾਂ ਕਿਸੇ ਹੋਰ ਬੈਂਚ ਨੂੰ ਰੈਫਰ ਕਰਨ | ਦੱਸ ਦੇਈਏ ਕਿ ਸੁਮੇਧ ਸਿੰਘ ਸੈਣੀ ਨੇ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਸਾਰੇ ਕੇਸ ਸੀਬੀਆਈ ਨੂੰ ਟਰਾਂਸਫ਼ਰ ਕੀਤੇ ਜਾਣ |
ਇਸ ਦੇ ਨਾਲ ਹੀ ਸੁਪਰੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸੁਰੱਖਿਆ ਦੇਣ ਦੇ ਫ਼ੈਸਲੇ 'ਤੇ ਹੌਰਾਨੀ ਵੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਭਵਿੱਖ ਦੀ ਕਾਰਵਾਈ 'ਤੇ ਰੋਕ ਕਿਵੇਂ ਲਗਾਈ ਜਾ ਸਕਦੀ ਹੈ? ਸਾਡੇ ਵਿਚੋਂ ਤਿੰਨ (ਜੱਜ) ਇਹ ਸੋਚਦੇ ਹਨ ਕਿ ਇਹ ਸੱਚਮੁੱਚ ਹੈਰਾਨੀਜਨਕ ਹੈ | ਇਸ ਲਈ ਇਸ 'ਤੇ ਸੁਣਵਾਈ ਦੀ ਜਲਦ ਲੋੜ ਹੋਵੇਗੀ |