
ਇਸ ਵਾਰ ਵੱਡੇ ਕਾਂਗਰਸੀ ਆਗੂਆਂ ਨੇ ਪਾਰਟੀ ਦਾ ਚੋਣਾਂ 'ਚ ਬਹੁਤ ਨੁਕਸਾਨ ਕੀਤਾ ਹੈ : ਬਿੱਟੂ
ਕਿਹਾ, 10 ਮਾਰਚ ਤੋਂ ਬਾਅਦ ਕਰਾਂਗਾ ਸਾਰੇ ਪ੍ਰਗਟਾਵੇ
ਚੰਡੀਗੜ੍ਹ, 4 ਮਾਰਚ (ਭੁੱਲਰ) : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਅਪਦੀ ਹੀ ਪਾਰਟੀ ਦੇ ਆਗੂਆਂ ਬਾਰੇ ਅਹਿਮ ਬਿਆਨ ਦਿਤਾ ਹੈ | ਉਨ੍ਹਾਂ ਕਿਹਾ ਹੈ ਕਿ ਇਸ ਵਾਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਹੀ ਬਹੁਤ ਨੁਕਸਾਨ ਕੀਤਾ ਹੈ | ਪਾਰਟੀ ਲਈ ਚੋਣਾਂ ਵਿਚ ਵਰਕਰਾਂ ਨੇ ਹੀ ਡਟ ਕੇ ਕੰਮ ਕੀਤਾ ਹੈ ਪਰ ਵੱਡੇ ਆਗੂਆਂ ਨੇ ਕੰਮ ਨਹੀਂ ਕੀਤਾ | ਪ੍ਰਮੁਖ ਆਗੂ ਅਪਣੇ ਹਲਕਿਆਂ ਤਕ ਸੀਮਤ ਰਹੇ ਅਤੇ ਹੋਰ ਹਲਕਿਆਂ ਵਿਚ ਚੋਣ ਮੁਹਿੰਮ ਵਿਚ ਨਹੀਂ ਗਏ | ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਸੂਬੇ 'ਚ ਜਿਸ ਤਰ੍ਹਾਂ ਖ਼ਾਲਿਸਤਾਨ ਦੇ ਨਾਹਰੇ ਲੱਗ ਰਹੇ ਹਨ ਅਤੇ ਜੇ ਸਾਡੇ ਆਗੂਆਂ ਦਾ ਇਸ ਤਰ੍ਹਾਂ ਦਾ ਹੀ ਕੰਮ ਰਿਹਾ ਤਾਂ ਪੰਜਾਬ ਲਈ ਭਵਿਖ ਵਿਚ ਵੱਡੇ ਖ਼ਤਰਿਆਂ ਵਾਲਾ ਸਮਾਂ ਹੈ | ਬਿੱਟੂ ਨੇ ਕਿਹਾ ਕਿ ਹਾਲੇ ਚੋਣ ਨਤੀਜਿਆਂ ਤੋਂ ਪਹਿਲਾਂ ਬਹੁਤਾ ਬੋਲਣਾ ਠੀਕ ਨਹੀਂ ਪਰ ਚੋਣ ਨਤੀਜੇ ਆਉਣ ਤੋਂ ਬਾਅਦ ਖੁਲ੍ਹ ਕੇ ਸਾਰੇ ਵੱਡੇ ਲੀਡਰਾਂ ਦੀ ਭੂਮਿਕਾ ਬਾਰੇ ਪ੍ਰਗਟਾਵੇ ਕਰਾਂਗਾ |