ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਸਫ਼ਾਈ ਪੱਖੋਂ ਨਵੀਂ ਦਿੱਖ ਪ੍ਰਦਾਨ ਕਰਨ ਲਈ ਸਵੱਛਤਾ ਪੰਦਰਵਾੜੇ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ ਇਕ ਯੋਜਨਾਬਧ ਤਰੀਕੇ ਨਾਲ
ਐਸ.ਏ.ਐਸ.ਨਗਰ, 19 ਜੁਲਾਈ (ਪਰਦੀਪ ਸਿੰਘ ਹੈਪੀ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਸਫ਼ਾਈ ਪੱਖੋਂ ਨਵੀਂ ਦਿੱਖ ਪ੍ਰਦਾਨ ਕਰਨ ਲਈ ਸਵੱਛਤਾ ਪੰਦਰਵਾੜੇ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ ਇਕ ਯੋਜਨਾਬਧ ਤਰੀਕੇ ਨਾਲ ਕੀਤੀ ਜਾਵੇਗੀ ਜਿਸ ਲਈ 'ਸਵੱਛ ਭਾਰਤ ਦਾ ਸਵੱਛ ਨਗਰ' ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਹਰਾ ਦਿਤਾ ਗਿਆ ਹੈ। ਇਸ ਤਹਿਤ ਜ਼ਿਲ੍ਹੇ 'ਚ ਮੁਕੰਮਲ ਸਫ਼ਾਈ ਕਰਵਾਈ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ 21 ਜੁਲਾਈ ਨੂੰ ਸ਼ਹਿਰਾਂ ਅਤੇ ਪਿੰਡਾਂ ਵਿਚ ਇਕੋਂ ਸਮੇ ਸਵੇਰੇ 10 ਵਜੇ ਤੋਂ ਕੀਤਾ ਜਾਵੇਗਾ ਅਤੇ 5 ਅਗੱਸਤ ਤਕ ਚਲਣ ਵਾਲੇ ਸਵੱਛਤਾ ਪੰਦਰਵਾੜੇ ਦੌਰਾਨ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਸਫ਼ਾਈ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਐਸ.ਏ.ਐਸ.ਨਗਰ ਦੇ ਅਧਿਕਾਰੀਆਂ, ਜ਼ਿਲ੍ਹੇ ਦੀਆ ਸਮੂਹ ਨਗਰ ਕੌਸਲਾਂ, ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫਸਰਾ, ਜ਼ਿਲ੍ਹੇ 'ਚ ਪੈਂਦੇ ਬਲਾਕ ਡੇਰਾਬੱਸੀ , ਖਰੜ ਅਤੇ ਮਾਜਰੀ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਸਵੱਛਤਾ ਪੰਦਰਵਾੜੇ ਤਹਿਤ ਹੋਣ ਵਾਲੇ ਸਫ਼ਾਈ ਕਾਰਜਾਂ ਦੀ ਖ਼ੁਦ ਨਿਗਰਾਨੀ ਕਰਨ ਦੀਆ ਹਦਾਇਤਾਂ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲਾਂ ਦੀ ਸਫ਼ਾਈ ਸਿਹਤ ਵਿਭਾਗ ਦੇ ਅਧਿਕਾਰੀ ਸਿਹਤ ਸੰਸਥਾਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਜਲ ਘਰਾਂ ਦੀ ਸਫ਼ਾਈ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਮੂਚੇ ਜ਼ਿਲ੍ਹੇ ਨੂੰ ਸਵੱਛਤਾ ਪੰਦਰਵਾੜੇ ਲਈ ਸੈਕਟਰਾਂ ਵਿੱਚ ਵੰਡ ਕੇ ਸੈਕਟਰ ਅਫਸਰ ਨਿਯੁਕਤ ਕੀਤੇ ਗਏ ਹਨ। ਜਿਹੜੇ ਕਿ ਸਮੇ ਸਮੇ ਤੇ ਸਫਾਈ ਕਾਰਜਾਂ ਤੇ ਨਿਗਰਾਨੀ ਰੱਖਣਗੇ।
ਸਪਰਾ ਨੇ ਦੱਸਿਆ ਕਿ ਸਵੱਛਥਾ ਪੰਦਰਵਾੜੇ ਦੌਰਾਨ ਕੇਵਲ ਸਫਾਈ ਕਾਰਜ ਹੀ ਨਹੀਂ ਸਗੋਂ ਲੋਕਾਂ ਨੂੰ ਸਫਾਈ ਪੱਖੋਂ ਜਾਗਰੂਕ ਕੀਤਾ ਜਾਵੇਗਾ। ਜਿਸ ਨਾਲ ਲੋਕਾਂ ਦੀ ਸੋਚ ਬਦਲੇਗੀ ਅਤੇ ਉਹ ਖੁਦ ਹੀ ਸਫਾਈ ਕਾਰਜਾਂ ਨੂੰ ਅੰਜਾਮ ਦੇਣਗੇ ਜਿਸ ਨਾਲ ਸਾਫ਼-ਸੂਥਰਾ ਵਾਤਾਵਰਣ ਸਿਰਜਿਆ ਜਾ ਸਕੇਗਾ।