
ਉਤਰਾਖੰਡ ਦੀ ਇਕ ਬਜ਼ੁਰਗ ਔਰਤ ਨੇ ਅਪਣੀ ਪੂਰੀ ਜਾਇਦਾਦ ਰਾਹੁਲ ਗਾਂਧੀ ਦੇ ਨਾਮ ਕੀਤੀ
ਦੇਹਰਾਦੂਨ, 4 ਅਪ੍ਰੈਲ : ਉਤਰਾਖੰਡ ’ਚ ਦੇਹਰਾਦੂਨ ਵਾਸੀ ਇਕ ਬਜ਼ੁਰਗ ਔਰਤ ਨੇ ਸੋਮਵਾਰ ਨੂੰ ਆਪਣੀ ਸਾਰੀ ਜਾਇਦਾਦ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਮ ਕਰਦੇ ਹੋਏ ਇਥੋਂ ਦੀ ਇਕ ਅਦਾਲਤ ’ਚ ਵਸੀਅਤਨਾਮਾ ਪੇਸ਼ ਕੀਤਾ। ਵਸੀਅਤਨਾਮਾ ’ਚ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਦਿੰਦੇ ਹੋਏ 80 ਸਾਲਾ ਪੁਸ਼ਪਾ ਮੁਨਜਿਆਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਸ ਤੋਂ ਬਾਅਦ ਪੂਰੀ ਜਾਇਦਾਦ ਦਾ ਮਾਲਿਕਾਨਾ ਹੱਕ ਰਾਹੁਲ ਗਾਂਧੀ ਨੂੰ ਸੌਂਪ ਦਿਤਾ ਜਾਵੇ। ਦੇਹਰਾਦੂਨ ਮਹਾਨਗਰ ਕਾਂਗਰਸ ਪ੍ਰਧਾਨ ਲਾਲਚੰਦ ਸ਼ਰਮਾ ਨੇ ਦਸਿਆ ਕਿ ਬਾਅਦ ’ਚ ਮੁਨਜਿਆਲ ਨੇ ਜਾਇਦਾਦ ਦਾ ਵਸੀਅਤਨਾਮਾ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੂੰ ਉਨ੍ਹਾਂ ਦੇ ਯਮੁਨਾ ਕਾਲੋਨੀ ਸਥਿਤ ਘਰ ’ਤੇ ਸੌਂਪ ਦਿਤਾ।
ਇਕ ਸਰਕਾਰੀ ਸਕੂਲ ’ਚ ਅਧਿਆਪਕਾ ਰਹੀ ਮੁਨਜਿਆਲ ਦਾ ਕਹਿਣਾ ਹੈ ਕਿ ਉਸ ਨੇ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਕਾਰਨ ਆਪਣੀ ਜਾਇਦਾਦ ਉਨ੍ਹਾਂ ਦੇ ਨਾਮ ਕੀਤੀ ਹੈ। ਮੁਨਜਿਆਲ ਨੇ ਕਿਹਾ ਕਿ ਗਾਂਧੀ ਪਰਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤਕ, ਹਮੇਸ਼ਾ ਅੱਗੇ ਵਧ ਕੇ ਦੇਸ਼ ਲਈ ਆਪਣੀ ਸਰਵਉੱਚ ਕੁਰਬਾਨੀ ਦਿਤੀ ਹੈ। ਉਨ੍ਹਾਂ ਕਿਹਾ, ‘‘ਭਾਵੇਂ ਇੰਦਰਾ ਗਾਂਧੀ ਹੋਵੇ ਜਾਂ ਰਾਜੀਵ ਗਾਂਧੀ, ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਦੀ ਕੁਰਬਾਨੀ ਦਿਤੀ, ਜਦੋਂ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦੇਸ਼ ਸੇਵਾ ਲਈ ਖੁਦ ਨੂੰ ਸਮਰਪਿਤ ਕਰ ਦਿਤਾ ਹੈ।’’ ਬਜ਼ੁਰਗ ਔਰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਕਰੀਬੀ ਸੰਬੰਧ ਰਹੇ ਸਨ। ਜੀਵਨ ਭਰ ਅਵਿਆਹੁਤਾ ਰਹੀ ਮੁਨਜਿਆਲ ਫ਼ਿਲਹਾਲ ਦੇਹਰਾਦੂਨ ਦੇ ਪ੍ਰੇਮਧਾਮ ਬਿਰਧ ਆਸ਼ਰਮ ’ਚ ਰਹੀ ਹੈ। (ਏਜੰਸੀ)