
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ 13 ਨਵੇਂ ਜ਼ਿਲ੍ਹਿਆਂ ਦਾ ਕੀਤਾ ਉਦਘਾਟਨ
ਅਮਰਾਵਤੀ, 4 ਅਪ੍ਰੈਲ : ਆਂਧਰਾ ਪ੍ਰਦੇਸ਼ ਦੇ ਮੁੱਖ ਮਤਰੀ ਵਾਈ ਐਸ ਜਗਨ ਮੋਹਨ ਰੈਡੀ ਨੇ ਸੋਮਵਾਰ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਸੂਬੇ ਦੇ 13 ਨਵੇਂ ਜ਼ਿਲ੍ਹਿਆਂ ਦਾ ਰਸ਼ਮੀ ਉਦਘਾਟਨ ਕੀਤਾ ਜਿਸ ਤੋਂ ਬਾਅਦ ਸੂਬੇ ’ਚ ਜ਼ਿਲ੍ਹਿਆਂ ਦੀ ਕੁਲ ਗਿਣਤੀ 26 ਹੋ ਗਈ ਹੈ। ਰੈਡੀ ਨੇ ਨਵੇਂ ਜ਼ਿਲ੍ਹਿਆਂ ਦੇ ਬਣਨ ਦੀ ਲੋਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿਤੀਆਂ ਅਤੇ ਬਧਾਈ ਦਿਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਐਲਾਨੀਆਂ ਯੋਜਨਾਵਾਂ ਦਾ ਲੋਕਾਂ ਨੂੰ ਵਧ ਤੋਂ ਵਧ ਲਾਭ ਦੇਣ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਪ੍ਰਸ਼ਾਸਨਿਕ ਤਰੀਕੇ ਨੂੰ ਸਵੀਕਾਰ ਕੀਤਾ ਹੈ ਅਤੇ ਉਸਦੀ ਸ਼ਲਾਘਾ ਕੀਤੀ ਹੈ ਕਿਉਂਕਿ ਯੋਜਨਾਵਾਂ ਸਿੱਧੀਆਂ ਲੋਕਾਂ ਦੇ ਘਰ ਤਕ ਪਹੁੰਚ ਜਾਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿੰਡਾਂ ਅਤੇ ਵਾਰਡ ਸਕੱਤਰੇਤ ਦੇ ਰੂਪ ’ਚ ਪ੍ਰਸ਼ਾਸਨ ਰਾਹੀਂ ਵਿਕਾਸ ਵੇਖਿਆ ਹੈ। ਹੁਣ ਅਸੀਂ ਜ਼ਿਲ੍ਹਾ ਪੱਧਰ ’ਤੇ ਵੀ ਇਹ ਯੋਜਨਾ ਅਪਣਾਵਾਂਗੇ। ਹੁਣ ਆਂਧਰਾ ਪ੍ਰਦੇਸ਼ 26 ਜ਼ਿਲ੍ਹਿਆਂ ਵਾਲਾ ਸੂਬਾ ਬਣ ਗਿਆ ਹੈ। ਇਕ ਆਦਿਵਾਸੀ ਜ਼ਿਲ੍ਹੇ ਨੂੰ ਛੱਡ ਕੇ ਹਰੇਕ ਜ਼ਿਲ੍ਹੇ ’ਚ ਛੇ ਤੋਂ ਅੱਠ ਵਿਧਾਨ ਸਭਾ ਹਲਕੇ ਹੋਣਗੇ। (ਪੀਟੀਆਈ)