
ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਐਥਲੀਟ ਦੀ ਮੌਤ
ਅੰਮਿ੍ਤਸਰ, 4 ਅਪ੍ਰੈਲ (ਹਰਦਿਆਲ ਸਿੰਘ) : ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਇਕ ਐਥਲੀਟ ਦੀ ਮੌਤ ਹੋ ਜਾਣ ਦੀ ਦੁਖਦ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਛਾਣ ਪਰਮਜੀਤ ਸਿੰਘ (60) ਚੈਸਟ ਨੰਬਰ 202 ਨਿਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾ ਪੁਰਸ਼ ਮਾਸਟਰਜ਼ ਐਥਲੀਟਾਂ ਦੀ ਸੂਬਾ ਪਧਰੀ ਦੋ ਦਿਨਾਂ 42ਵੀਂ ਪੰਜਾਬ ਸਟੇਟ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2022 ਚੱਲ ਰਹੀ ਸੀ | ਚੈਂਪੀਅਨਸ਼ਿਪ ਦੌਰਾਨ ਇਕ ਮਾਸਟਰ ਐਥਲੀਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਮਾਸਟਰ ਐਥਲੀਟ ਪਰਮਜੀਤ ਸਿੰਘ ਪਹਿਲੀ ਵਾਰ ਇਸ ਸੂਬਾ ਪਧਰੀ ਖੇਡ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਪੁੱਜੇ ਸਨ | ਉਨ੍ਹਾਂ ਦੀ ਐਂਟਰੀ ਕਰਵਾਉਣ ਉਪਰੰਤ 60 ਸਾਲ ਤੋਂ ਉਪਰਲੇ ਵਰਗ ਦੀ ਪੰਜ ਕਿਲੋਮੀਟਰ ਦੌੜ ਵਿਚ ਹਿੱਸਾ ਲੈਣ ਦੀ ਚਾਹਤ ਸੀ | ਜਿਉਂ ਹੀ ਪ੍ਰਬੰਧਕਾਂ ਵਲੋਂ ਦੌੜ ਸ਼ੁਰੂ ਕਰਵਾਈ ਗਈ ਤਾਂ ਥੋੜ੍ਹੀ ਦੂਰੀ 'ਤੇ ਹੀ ਪਰਮਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿਤਾ |