
ਗੋਰਖਪੁਰ ਵਿਖੇ ਗੋਰਖਨਾਥ ਮੰਦਰ ’ਚ ਪੁਲਿਸ ਦੇ ਜਵਾਨਾਂ ’ਤੇ ਹਮਲਾ, ਗ੍ਰਿਫ਼ਤਾਰ
ਹਮਲਾ ਗੰਭੀਰ ਅਤਿਵਾਦੀ ਸਾਜ਼ਿਸ਼ ਦਾ ਹਿੱਸਾ : ਗ੍ਰਹਿ ਵਿਭਾਗ
ਗੋਰਖਪੁਰ, 4 ਅਪ੍ਰੈਲ : ਗੋਰਖਪੁਰ ਵਿਖੇ ਗੋਰਖਨਾਥ ਮੰਦਰ ਦੇ ਦਖਣੀ ਦਰਵਾਜ਼ੇ ਰਾਹੀਂ ਐਤਵਾਰ ਦੀ ਸ਼ਾਮ ਨੂੰ ਇਕ ਨੌਜਵਾਨ ਨੇ ਧਾਰਮਿਕ ਨਾਹਰੇ ਲਗਾਉਂਦਿਆਂ ਮੰਦਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰਖਿਆ ਵਿਚ ਤੈਨਾਤ ਪੀਏਸੀ ਦੇ ਦੋ ਕਰਮੀਆਂ ਗੋਪਾਲ ਕੁਮਾਰ ਗੌੜ ਅਤੇ ਅਨਿਲ ਪਾਸਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿਤਾ ਅਤੇ ਅੱਲਾਹ ਹੂ ਅਕਬਰ ਦੇ ਨਾਹਰੇ ਲਗਾਉਂਦਿਆਂ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਉਸਨੂੰ ਕਾਬੂ ਕਰ ਲਿਆ। ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਦਸਿਆ ਕਿ ਹਮਲਾ ਕਰਨ ਵਾਲੇ ਸ਼ਖਸ ਦੀ ਪਹਿਚਾਣ ਮੁੰਬਈ ਤੋਂ ਇੰਜੀਨੀਅਰਿੰਗ ਕਰ ਚੁੱਕੇ ਮੁਰਤਜਾ ਵਜੋਂ ਹੋਈ ਹੈ ਜੋ ਗੋਰਖਪੁਰ ਦਾ ਰਹਿਣ ਵਾਲਾ ਹੈ। ਉਸ ਕੋਲੋਂ ਪੈਨ ਕਾਰਡ, ਲੈਪਟਾਪ ਅਤੇ ਏਅਰਲਾਈਨਜ਼ ਦੀ ਟਿਕਟ ਬਰਾਮਦ ਕੀਤੀ ਗਈ ਹੈ। ਇਸ ਹਮਲੇ ਵਿਚ ਜ਼ਖ਼ਮੀ ਹੋਏ ਸੁਰੱਗਿਆ ਕਰਮੀਆਂ ਨੂੰ ਗੋਰਖਨਾਥ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੋਂ ਇਲਾਜ ਤੋਂ ਬਾਅਦ ਬੀਆਰਡੀ ਮੈਡੀਕਲ ਕਾਲਜ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਜ਼ਿਕਰਯੋਗ ਹੈ ਕਿ ਗੋਰਖਨਾਥ ਮੰਦਰ ਨਾਥ ਸਮੁਦਾਇ ਦੀ ਸਭ ਤੋਂ ਉਚੀ ਪੀਠ ਹੈ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਕ ਪੀਠ ਦੇ ਮਹੰਤ ਹਨ। ਏਡੀਜੀ ਨੇ ਦਸਿਆ ਕਿ ਇਹ ਇਕ ਗੰਭੀਰ ਘਟਨਾ ਹੈ। ਇਸਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੀ ਜਾਂਚ ਏਟੀਸੀ ਦੇ ਹਵਾਲੇ ਕਰ ਦਿਤੀ ਹੈ। ਲਖਨਊ ’ਚ ਏਡੀਜੀ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਅਤੇ ਏਡੀਜੀ ਪੁਲਿਸ ਮੁਖੀ ਪ੍ਰਸ਼ਾਂਤ ਕੁਮਾਰ ਨੇ ਇਕ ਕਾਨਫ਼ਰੰਸ ਵਿਚ ਜਾਣਕਾਰੀ ਦਿਤੀ ਕਿ ਇਹ ਹਮਲਾ ਇਕ ਗੰਭੀਰ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਇਸ ਲਈ ਇਸ ਹਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਇਸ ਮਾਮਲੇ ਵਿਚ ਕਿਸੇ ਫ਼ੈਸਲੇ ’ਤੇ ਪਹੁੰਚਿਆ ਜਾ ਸਕਦਾ ਹੈ। (ਪੀਟੀਆਈ)