
24 ਘੰਟਿਆਂ ’ਚ ਅਤਿਵਾਦੀਆਂ ਨੇ ਚਲਾਈਆਂ ਗੋਲੀਆਂ, 4 ਜ਼ਖ਼ਮੀ, ਇਕ ਜਵਾਨ ਸ਼ਹੀਦ
ਜੰਮੂ, 4 ਅਪ੍ਰੈਲ : ਜੰਮੂ-ਕਸ਼ਮੀਰ ’ਚ ਅਤਿਵਾਦੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੁਲਵਾਮਾ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਹਮਲਾ ਕੀਤਾ ਹੈ ਜਿਸ ’ਚ ਇਕ ਸੀਆਰਪੀਐਫ਼ ਦਾ ਇਕ ਜਵਾਨ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹਮਲਾ ਲਾਲ ਚੌਕ ਮੈਸੁਮਾ ’ਚ ਹੋਇਆ ਜਿਸ ’ਚ ਸੀਆਰਪੀਐਫ਼ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ’ਚੋ ਂ ਇਕ ਜਵਾਨ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਜ਼ਿਲ੍ਹੇ ’ਚ ਹੀ ਅਤਿਵਾਦੀਆਂ ਨੇ ਗ਼ੈਰ ਸਥਾਨਿਕ ਦੋ ਲੋਕਾਂ ਨੂੰ ਗੋਲੀ ਮਾਰ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਪਿਛਲੇ 24 ਘੰਟਿਆਂ ’ਚ ਇਹ ਦੂਜਾ ਹਮਲਾ ਹੈ ਜਿਸ ’ਚ ਗ਼ੈਰ ਸਥਾਨਿਕ ਲੋਕਾਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਲਾਜੂਰਾ ’ਚ ਸੋਮਵਾਰ ਦੁਪਹਿਰ ਅਤਿਵਾਦੀਆਂ ਨੇ ਪਟੇਸ਼ਵਰ ਕੁਮਾਰ ਅਤੇ ਜਾਕੋ ਚੌਧਰੀ ’ਤੇ ਗੋਲੀਆਂ ਚਲਾ ਦਿਤੀਆਂ। ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਸ ਤੋ ਪਹਿਲਾਂ ਬੀਤੇ ਦਿਨ ਜੰਮੂ-ਕਸ਼ਮੀਰ ਦੇ ਪੁਲਵਾਮਾ ਇਲਾਕੇ ’ਚ ਅਤਿਵਾਦੀਆਂ ਵਲੋਂ ਇਕ ਟਰੱਕ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ’ਚ ਸਵਾਰ ਦੋ ਲੋਕਾਂ ’ਤੇ ਗੋਲੀਆਂ ਚਲਾ ਦਿਤੀਆਂ. ਗੋਲੀ ਲੱਗਣ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹਨ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚੋਂ ਇਕ ਪਠਾਨਕੋਟ ਦੀ ਮੀਰਪੁਰ ਕਲੋਨੀ ਦਾ ਰਹਿਣ ਵਾਲਾ ਵਿਅਕਤੀ ਹੈ, ਜੋ ਪੇਸ਼ੇ ਤੋਂ ਚਿਕਨ-ਇਨ-ਟਰੱਕ ਡਰਾਈਵਰ ਹੈ। ਉਹ ਪਠਾਨਕੋਟ ਤੋਂ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕਰਨ ਦਾ ਕੰਮ ਕਰਦਾ ਹੈ। ਸੂਤਰਾਂ ਮੁਤਾਬਕ ਜ਼ਖ਼ਮੀ ਹੋਇਆ ਦੂਜਾ ਵਿਅਕਤੀ ਹਿਮਾਚਲ ਦੇ ਨੂਰਪੁਰ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। (ਪੀਟੀਆਈ)