
ਨੀਦਰਲੈਂਡ ਦੇ ਫ਼ੁਟਬਾਲ ਕੋਚ ਵੈਨ ਗਾਲ ਕੈਂਸਰ ਨਾਲ ਪੀੜਤ, ਖਿਡਾਰੀਆਂ ਨੂੰ ਨਹੀਂ ਲੱਗਣ ਦਿਤਾ ਪਤਾ
ਹੇਗ, 4 ਅਪ੍ਰੈਲ : ਨੀਦਰਲੈਂਡ ਦੀ ਰਾਸ਼ਟਰੀ ਫ਼ੁਟਬਾਲ ਟੀਮ ਦੇ ਕੋਚ ਲੁਈ ਵੈਨ ਗਾਲ ਨੇ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦਾ ਪ੍ਰੋਸਟੇਟ ਕੈਂਸਰ ਲਈ ਇਲਾਜ ਚਲ ਰਿਹਾ ਹੈ ਪਰ ਫਿਰ ਵੀ ਉਹ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਟੀਮ ਦੀ ਅਗਵਾਈ ਕਰਨਾ ਚਾਹੁੰਦੇ ਹਨ |
ਵੈਨ ਗਾਲ ਨੇ ਇਕ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਪਤਾ ਨਹੀਂ ਹੈ ਕਿ ਉਹ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਚਾਰ ਅਭਿਆਸ ਕੈਂਪ ਦੌਰਾਨ ਰਾਤ ਨੂੰ ਇਲਾਜ ਕਰਵਾਇਆ | ਉਨ੍ਹਾਂ ਕਿਹਾ, 'ਤੁਸੀਂ ਜਿਨ੍ਹਾਂ ਲੋਕਾਂ ਲਈ ਕੰਮ ਕਰ ਰਹੇ ਹੋ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਨਹੀਂ ਦੱਸ ਸਕਦੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਪਸੰਦ, ਉਨ੍ਹਾਂ ਦੀ ਊਰਜਾ ਪ੍ਰਭਾਵਿਤ ਹੋ ਸਕਦੀ ਹੈ ਤੇ ਮੈਨੂੰ ਲੱਗਾ ਕਿ ਉਨ੍ਹਾਂ ਨੂੰ ਪਤਾ ਨਹੀਂ ਲਗਣਾ ਚਾਹੀਦਾ ਹੈ |'
ਵੈਨ ਗਾਲ ਨੇ ਕਿਹਾ ਕਿ ਉਹ ਅਜੇ ਤਕ 25 ਰੈਡੀਏਸ਼ਨ ਥੈਰੇਪੀ ਕਰਾ ਚੁਕੇ ਹਨ | ਇਸ 70 ਸਾਲਾ ਕੋਚ ਨੇ ਕਿਹਾ, 'ਮੈਂ ਹਰ ਰਾਤ ਜਾਂ ਸ਼ਾਮ ਨੂੰ ਹਸਪਤਾਲ ਜਾਂਦਾ ਹਾਂ ਤੇ ਖਿਡਾਰੀਆਂ ਨੂੰ ਇਸ ਬਾਰੇ ਪਤਾ ਨਹੀਂ ਲੱਗਣ ਦਿੰਦਾ ਹਾਂ |' ਵੈਨ ਗਾਲ ਦੀ ਪਹਿਲੀ ਪਤਨੀ ਦੀ ਦਿਹਾਂਤ ਕੈਂਸਰ ਨਾਲ ਹੀ ਹੋਇਆ ਸੀ | (ਏਜੰਸੀ)