
ਅਮਰੀਕਾ ਦੇ ਝੰਡੇ ਨਾਲ ਨਿਸ਼ਾਨ ਸਾਹਿਬ ਝੁਲਾ ਕੇ ਖ਼ਾਲਸਾ ਸਾਜਨਾ ਦਿਵਸ ਨੂੰ ਦਿਤੀ ਮਾਨਤਾ : ਵਰਲਡ ਸਿੱਖ ਪਾਰਲੀਮੈਂਟ
1984 ਦੀਆਂ ਘਟਨਾਵਾਂ ਕਾਰਨ ਅਮਰੀਕਾ ਦੇ ਸਿੱਖਾਂ ਨੇ ਆਜ਼ਾਦ ਸਿੱਖ ਰਾਜ ਦਾ ਕੀਤਾ ਸੀ ਐਲਾਨ
ਕੋਟਕਪੂਰਾ, 4 ਅਪੈ੍ਰਲ (ਗੁਰਿੰਦਰ ਸਿੰਘ) : ਅਪ੍ਰੈਲ ਦਾ ਮਹੀਨਾ ਸਿੱਖ ਕੌਮ ਦੇ ਇਤਿਹਾਸ 'ਚ ਮਹੱਤਵਪੂਰਣ ਦਿਹਾੜਿਆਂ ਕਰ ਕੇ, ਸਿੱਖ ਐਪਰੀਸੀਏਸ਼ਨ ਅਤੇ ਅਵੇਅਰਨੈੱਸ ਮਹੀਨੇ ਵਜੋਂ ਜਾਣਿਆ ਜਾਂਦਾ ਹੈ | ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲੇ ਨਾਲ ਹੋਲਿਉਕ ਸਿਟੀ ਦੇ ਮੇਅਰ ਜੌਸ ਗਾਰਸ਼ੀਆ ਅਤੇ ਚਿਕੋਪੀ ਸਿਟੀ ਦੇ ਮੇਅਰ ਜੌਹਨ ਵਿਆਉ ਨੇ ਲੋਕਲ ਸਿੱਖ ਨੁਮਾਇੰਦਆਂ ਨਾਲ ਮਿਲ ਕੇ ਦੋਵਾਂ ਸ਼ਹਿਰਾਂ ਦੇ ਸਿਟੀ ਹਾਲਾਂ ਉਪਰ ਸਿੱਖ ਨਿਸ਼ਾਨ ਸਾਹਿਬ ਝੁਲਾਇਆ |
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਮੁਤਾਬਕ ਸਥਾਨਕ ਸਿੱਖ ਆਗੂ ਗੁਰਨਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੀ ਸਟੇਟ ਹਮੇਸ਼ਾ ਸਿੱਖਾਂ ਨੂੰ ਬਣਦਾ ਮਾਣ-ਸਤਿਕਾਰ ਦਿੰਦੀ ਹੈ ਅਤੇ ਸਿੱਖ ਕੌਮ ਤੇ ਇਤਿਹਾਸ ਬਾਰੇ ਜਾਗਰੂਕਤਾ ਲਿਆਉਣ 'ਚ ਹਮੇਸ਼ਾ ਮੋਹਰੀ ਰਹਿੰਦੀ ਹੈ | ਹਿੰਮਤ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸਮੈਨ ਰਿਚਰਡ ਨੀਲ ਅਤੇ ਨਾਲ ਹੀ ਸਟੇਟ ਅਤੇ ਸਿਟੀ ਦੇ ਬਾਕੀ ਨੁਮਾਇੰਦਿਆਂ ਦਾ ਧਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਿੱਖਾਂ ਦੇ ਇਤਿਹਾਸਕ ਦਿਹਾੜਿਆਂ 'ਤੇ ਪ੍ਰੋਕਲੇਮੇਸ਼ਨ ਅਤੇ ਸਾਈਟੇਸ਼ਨ ਦੇ ਕੇ ਸਾਡਾ ਮਾਣ ਵਧਾਇਆ ਹੈ | ਇਸ ਸਮਾਗਮ 'ਚ ਬੋਸਟਨ ਅਤੇ ਕਨੈਕਟੀਕਟ ਤੋਂ ਬਹੁਤ ਸਾਰੇ ਸਿੱਖ ਲੀਡਰਾਂ ਨੇ ਹਿੱਸਾ ਲਿਆ | ਨੋਰ 'ਚ ਸਿਟੀ ਕਾਉਂਸਲ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ 1984 'ਚ ਦਰਬਾਰ ਸਾਹਿਬ 'ਤੇ ਹਮਲਾ ਅਤੇ ਸਿੱਖ ਨਸਲਕੁਸ਼ੀ ਨੇ ਇਤਿਹਾਸ ਨੂੰ ਇਕ ਐਸਾ ਮੋੜ ਦਿਤਾ ਜਿਸ ਤੋਂ ਬਾਅਦ ਸਿੱਖਾਂ ਨੇ 29 ਅਪ੍ਰੈਲ 1986 ਨੂੰ ਆਜ਼ਾਦ ਸਿੱਖ ਰਾਜ ਦਾ ਐਲਾਨ ਕਰ ਦਿਤਾ |
ਭਗਤ ਸਿੰਘ ਪੈਨਸਿਲਵੇਨੀਆ ਅਤੇ ਬਲਜਿੰਦਰ ਸਿੰਘ ਨਿਊਯਾਰਕ ਅਤੇ ਹੋਰ ਸਿੱਖ ਲੀਡਰਾਂ ਨੇ ਭਾਰਤ 'ਚ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਮਰੀਕਾ ਵਰਗੇ ਦੇਸ਼ 'ਚ ਰਹਿਣ ਵਾਲੇ ਲੋਕ ਕਿਸਮਤ ਵਾਲੇ ਹਨ, ਜਿਥੇ ਧਾਰਮਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਸੰਵਿਧਾਨ ਤਹਿਤ ਸੁਰੱਖਿਆ ਪ੍ਰਾਪਤ ਹੈ |
ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਬੂਟਾ ਸਿੰਘ ਖੜੌਦ ਅਤੇ ਜੋਗਾ ਸਿੰਘ ਨੇ ਵੀ ਅਪਣੇ ਵਿਚਾਰ ਰੱਖਦਿਆਂ ਸਿੱਖ ਕੌਮ ਨੂੰ ਯੂਨਾਈਟਿਡ ਨੈਸ਼ਨ ਦੇ ਕਾਨੂੰਨ ਤਹਿਤ ਅਪਣੀ ਆਜ਼ਾਦੀ ਦੀ ਜਦੋ-ਜਹਿਦ ਜਾਰੀ ਰੱਖਣ ਦੀ ਅਪੀਲ ਕੀਤੀ | ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹਰਜਿੰਦਰ ਸਿੰਘ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾ. ਪਿ੍ਤਪਾਲ ਸਿੰਘ ਨੇ ਮੈਸਾਚਿਊਸਟਸ ਸਟੇਟ ਦੇ ਦੋ ਸ਼ਹਿਰਾਂ 'ਚ ਨਿਸ਼ਾਨ ਸਾਹਿਬ ਚੜ੍ਹਾਏ ਜਾਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਦੁਨੀਆਂ ਭਰ ਦੇ ਸਿੱਖਾਂ ਨੂੰ ਮੁਬਾਰਕਬਾਦ ਦਿਤੀ | ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਜੋਗਾ ਸਿੰਘ ਅਤੇ ਜਰਨਲ ਸੈਕਟਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿਥੇ ਭਾਰਤ 'ਚ ਥਾਂ-ਥਾਂ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਹੁਣੇ ਹਿਮਾਚਲ ਪ੍ਰਦੇਸ਼ ਅਤੇ ਉਸ ਤੋਂ ਪਹਿਲਾਂ ਦਿੱਲੀ 'ਚ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ, ਉੱਥੇ ਹੀ ਵਿਦੇਸ਼ਾਂ ਵਿਚ ਸਿੱਖ ਕੌਮ ਜੋ ਹਮੇਸ਼ਾ ਮਨੁੱਖਤਾ ਦੀ ਸੇਵਾ 'ਚ ਮੋਹਰੀ ਰੋਲ ਨਿਭਾਉਂਦੀ ਹੈ, ਨੂੰ ਬਹੁਤ ਮਾਣ ਸਤਿਕਾਰ ਦਿਤਾ ਜਾਂਦਾ ਹੈ, ਸਿੱਖ ਨਿਸ਼ਾਨ ਸਾਹਿਬ ਨੂੰ ਅਮਰੀਕਨ ਝੰਡੇ ਦੇ ਬਰਾਬਰ ਝੁਲਾ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਜਾ ਰਿਹਾ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-4-5ਈ-1,2,3