
ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਚੰਡੀਗੜ੍ਹ: ਜਲੰਧਰ 'ਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਖ਼ਿਲਾਫ਼ ਅੱਜ ਕਾਂਗਰਸ ਹਾਈਕਮਾਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਸੀ। ਇਸ ਦੀ ਜਾਣਕਾਰੀ ਹਰੀਸ਼ ਚੌਧਰੀ ਵੱਲੋਂ ਦਿੱਤੀ ਗਈ। ਪਾਰਟੀ ਵੱਲੋਂ ਇਹ ਐਕਸ਼ਨ ਰਿੰਕੂ ਵੱਲੋਂ ਪਾਰਟੀ ਵਿਰੋਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਬਾਅਦ ਲਿਆ ਗਿਆ। ਇਸ ਸਬੰਧੀ ਹਰੀਸ਼ ਚੌਧਰੀ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਭਗਵੰਤ ਮਾਨ ਨੇ ਸੁਸ਼ੀਲ ਕੁਮਾਰ ਦੇ ਪਾਰਟੀ ਵਿਚ ਸ਼ਾਮਲ ਹੋਣ ਦਾ ਤਹਿ ਦਿਲੋਂ ਸੁਆਗਤ ਕੀਤਾ। ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੱਖਾਂ-ਕਰੋੜਾਂ ਲੋਕਾਂ ਦੀ ਪਾਰਟੀ ਹੈ। ਅਸੀਂ ਬਦਲੇ ਦੀ ਭਾਵਨਾ ਦੀ ਰਾਜਨੀਤੀ ਨਹੀਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਹਲਕੇ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵਿਕਾਸ ਦੀ, ਸਕੂਲਾਂ ਦੀ ਅਤੇ ਸ਼ਹਿਰਾਂ ਨੂੰ ਚਮਕਾਉਣ ਦੀ ਰਾਜਨੀਤੀ ਕਰਾਂਗੇ। ਅਸੀਂ ਕੋਈ ਬਦਲੇ ਦੀ ਰਾਜਨੀਤੀ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੇ ਤਜ਼ਰਬੇ ਦਾ ਇਸਤੇਮਾਲ ਸਾਡੀ ਪਾਰਟੀ ਕਰੇਗੀ ਅਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰ ਤੋਂ ਹੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਹਾਲਾਂਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਇਥੋਂ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਅਕਾਲੀ ਦਲ ਤੇ ਭਾਜਪਾ ਵੱਲੋਂ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਸੁਸ਼ੀਲ ਕੁਮਾਰ ਰਿੰਕੂ ਦੇ ਇਸ ਕਦਮ ਕਾਰਨ ਕਾਂਗਰਸੀ ਆਗੂ ਕਾਫੀ ਨਾਰਾਜ਼ ਸਨ।