
ਘਟਨਾ CCTV 'ਚ ਕੈਦ
ਲੁਧਿਆਣਾ: ਪੰਜਾਬ ਵਿਚ ਕਿਸੇ ਨੂੰ ਵੀ ਕਾਨੂੰਨ ਦਾ ਡਰ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਥੇ ਸ਼ੇਰਪੁਰ ਰੋਡ ਨੇੜੇ ਇੱਕ ਪੈਟਰੋਲ ਪੰਪ ਕੋਲ ਇੱਕ ਗਲੀ ਵਿੱਚ ਕਾਰ ਪਾਰਕ ਕਰਨ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਨਾਂ ਦੇ ਵਿਅਕਤੀ ਨੇ ਕਾਰ ਗਲੀ 'ਚ ਖੜ੍ਹੀ ਕੀਤੀ ਸੀ। ਇਸ ਦੌਰਾਨ ਉਸ ਦੀ ਕਿਸੇ ਗੱਲ ਨੂੰ ਲੈ ਕੇ ਦੂਜੇ ਪੱਖ ਦੇ ਲੋਕਾਂ ਨਾਲ ਬਹਿਸ ਹੋ ਗਈ। ਕੁਝ ਹੀ ਦੇਰ 'ਚ ਕਰੀਬ 10 ਤੋਂ 12 ਨੌਜਵਾਨਾਂ ਨੇ ਗਲੀ 'ਚ ਆ ਕੇ ਕਾਰ ਦੀ ਭੰਨ-ਤੋੜ ਕਰ ਦਿੱਤੀ।
ਗਲੀ ਵਿੱਚ ਹਥਿਆਰਾਂ ਨਾਲ ਘੁੰਮਦਾ ਨੌਜਵਾਨ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਨੌਜਵਾਨਾਂ ਅਤੇ ਕਾਰ ਦੇ ਮਾਲਕ ਵਿਚਕਾਰ ਝੜਪ ਵੀ ਹੋਈ। ਇਲਾਕੇ 'ਚ ਹੰਗਾਮਾ ਸੁਣ ਕੇ ਲੋਕ ਵੀ ਇਕੱਠੇ ਹੋ ਗਏ। ਕਾਰ ਮਾਲਕ ਨੇ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਘਟਨਾ ਦਾ ਜਾਇਜ਼ਾ ਲੈਣ ਲਈ ਐਸਐਚਓ ਨਰਦੇਵ ਸਿੰਘ ਵੀ ਮੌਕੇ ’ਤੇ ਪੁੱਜੇ। ਐਸਐਚਓ ਨਰਦੇਵ ਅਨੁਸਾਰ ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਦੀ ਸ਼ਿਕਾਇਤ ਲਿਖਾ ਦਿੱਤੀ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਹੈ। ਦੋਵਾਂ ਧਿਰਾਂ ਦੇ ਬਿਆਨਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ, ਉਹ ਜ਼ਰੂਰ ਕੀਤੀ ਜਾਵੇਗੀ। ਮੌਕੇ 'ਤੇ ਦੇਖਿਆ ਗਿਆ ਹੈ ਕਿ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ੁਕਰ ਹੈ ਕਿ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।