
ਸਰਹੱਦੀ ਸੂਬੇ ਪੰਜਾਬ ਦੀਆਂ ਕੁਲ 13 ਸੀਟਾਂ ਲਈ ਆਖ਼ਰੀ ਗੇੜ ਵਿਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਭਾਵੇਂ ਅਜੇ 2 ਹਫ਼ਤੇ ਬਾਕੀ ਬਚੇ ਹਨ
ਚੰਡੀਗੜ੍ਹ : ਸਰਹੱਦੀ ਸੂਬੇ ਪੰਜਾਬ ਦੀਆਂ ਕੁਲ 13 ਸੀਟਾਂ ਲਈ ਆਖ਼ਰੀ ਗੇੜ ਵਿਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਭਾਵੇਂ ਅਜੇ 2 ਹਫ਼ਤੇ ਬਾਕੀ ਬਚੇ ਹਨ ਪਰ ਮਈ ਦੀ ਤਪਦੀ ਗਰਮੀ ਵਿਚ ਚੋਣ ਪ੍ਰਚਾਰ ਪੂਰਾ ਭਖ ਗਿਆ ਹੈ। ਸੱਤਾਧਾਰੀ ਕਾਂਗਰਸ ਵਾਸਤੇ ਭਾਵੇਂ ਸ਼ੁਰੂ ਵਿਚ ਮਿਸ਼ਨ-13 ਸਰ ਕਰਨਾ ਕਾਫ਼ੀ ਆਸਾਨ ਲਗਦਾ ਸੀ ਪਰ ਜਿਉਂ ਜਿਉਂ ਬੀਜੇਪੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਹੈ ਅਤੇ ਫ਼ਿਲਮੀ ਸਿਤਾਰੇ ਸੰਨੀ ਦਿਉਲ ਨੇ ਗੁਰਦਾਸਪੁਰ, ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਨੇ ਆਪੋ ਅਪਣੇ ਹਲਕਿਆਂ ਵਿਚ ਯੋਜਨਾਬੱਧ ਤਰੀਕੇ ਨਾਲ ਵੋਟਰਾਂ ਦੀਆਂ
ਬੈਠਕਾਂ ਕੀਤੀਆਂ ਸਨ, ਉਸ ਤੋਂ ਕਾਂਗਰਸ ਦੀ ਚਿੰਤ ਵੱਧ ਗਈ ਹੈ। ਕਾਂਗਰਸ ਭਵਨ ਵਿਚ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਅਤੇ 6 ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਸ. ਲਾਲ ਸਿੰਘ ਨੇ ਦਸਿਆ ਕਿ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੁਕਾਬਲਾ ਤਾਂ ਅਕਾਲੀ ਬੀਜੇਪੀ ਗਠਜੋੜ ਨਾਲ ਹੈ। ਸੀਨੀਅਰ ਕਾਂਗਰਸੀ ਨੇਤਾ ਦਾ ਕਹਿਣਾ ਸੀ ਕਿ ਭਾਵੇਂ ਦਲ ਬਦਲੂ ਨੇਤਾਵਾਂ, ਮੌਕਾਪ੍ਰਸਤ ਲੀਡਰਾਂ ਅਤੇ ਖੇਰੂੰ ਖੇਰੂੰ ਹੋਈ ਆਪ ਦੇ ਵਿਧਾਇਕਾਂ ਤੇ ਸੰਸਦੀ ਮੈਂਬਰਾਂ ਨੇ ਪੰਜਾਬ ਵਿਚ ਅਪਣੀ ਸਾਖ ਨੂੰ ਕਾਫ਼ੀ ਢਾਹ ਲੁਆ ਲਈ ਹੈ ਅਤੇ ਧਾਰਮਕ ਬੇਅਦਬੀ ਦੇ ਮਾਮਲਿਆਂ ਵਿਚ ਨੁਕਰੇ ਲੱਗਾ
Parneet Kaur
ਅਕਾਲੀ ਦਲ ਵੀ ਹੋਂਦ ਬਚਾਉਣ ਵਿਚ ਲੱਗਾ ਹੈ ਪਰ ਫਿਰ ਵੀ ਚੋਣ ਮੈਦਾਨ ਵਿਚ ਵਿਰੋਧੀ ਨੇਤਾਵਾਂ ਨੂੰ ਕਮਜ਼ੋਰ ਸਮਝਣਾ ਕਾਂਗਰਸ ਦੀ ਵੱਡੀ ਭੁਲ ਹੋਵੇਗੀ। ਲਾਲ ਸਿੰਘ ਨੇ 13 ਵਿਚੋਂ 6 ਸੀਟਾਂ ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਖਡੂਰ ਸਾਹਿਬ ਤੇ ਸੰਗਰੂਰ ਸੀਟਾਂ 'ਤੇ ਫ਼ਸਵਾਂ ਮੁਕਾਬਲਾ ਹੋਣ ਵਲ ਇਸ਼ਾਰਾ ਕਰਦੇ ਹੋਏ ਸਪਸ਼ਟ ਕੀਤਾ ਕਿ ਇਨ੍ਹਾਂ ਥਾਵਾਂ 'ਤੇ ਕਾਂਗਰਸ ਚੋਣ ਪ੍ਰਚਾਰ ਆਉਂਦੇ ਦਿਨਾਂ ਵਿਚ ਤੇਜ਼ ਕਰ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੂੰ ਅੰਦਰੂਨੀ ਸੂਤਰਾਂ ਤੋਂ ਪਤਾ ਲਗਾ ਹੈ ਕਿ ਸੁਨੀਲ ਜਾਖੜ ਦੀ ਚਿੰਤਾ ਦੂਰ ਕਰਨ ਵਾਸਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,
ਸ.ਲਾਲ ਸਿੰਘ, ਮਾਝੇ ਦੇ ਦੋ ਮੰਤਰੀਆਂ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਬੈਠਕ ਕੀਤੀ ਜਿਸ ਵਿਚ ਆਉਂਦੇ ਹਫ਼ਤੇ ਪਠਾਨਕੋਟ, ਗੁਰਦਾਸਪੁਰ, ਬਟਾਲਾ ਤੇ ਹੋਰ ਥਾਵਾਂ 'ਤੇ ਵੱਡਾ ਰੋਡ ਸ਼ੋਅ ਕਰਨ ਬਾਰੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਮੌਜੂਦਾ ਕਾਂਗਰਸੀ ਐਮ.ਪੀ. ਜਾਖੜ ਨੇ ਗੁਰਦਾਸਪੁਰ ਸੀਟ, ਡੇਢ ਸਾਲ ਪਹਿਲਾਂ ਹੋਈ ਜ਼ਿਮਨੀ ਚੋਣ ਵਿਚ 1,93,000 ਵੋਟਾਂ ਤੋਂ ਵੱਧ ਦੇ ਫ਼ਰਕ ਨਾਲ ਰੀਕਾਰਡ ਜਿੱਤ ਪ੍ਰਾਪਤ ਕੀਤੀ ਸੀ। ਜਾਖੜ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ ਅਤੇ ਇਸ ਸਾਖ ਨੂੰ ਬਚਾਉਣ ਲਈ ਹਾਈਕਮਾਂਡ ਤੋਂ ਰਾਹੁਲ,
Sukhbir Singh Badal
ਪ੍ਰਿਅੰਕਾ ਜਾਂ ਕਿਸੇ ਹੋਰ ਸਿਰਕੱਢ ਨੇਤਾ ਨੂੰ ਸੱਦਣ ਦੀ ਚਰਚਾ ਵੀ ਕੀਤੀ ਗਈ। ਦਸਣਾ ਬਣਦਾ ਹੈ ਕਿ ਸੰਨੀ ਦਿਉਲ ਦੇ ਬੀਤੇ ਦਿਨ ਦੇ ਰੋਡ ਸ਼ੋਅ ਤੋਂ ਚਿੰਤਾ ਵਿਚ ਡੁੱਬੀ ਕਾਂਗਰਸ ਨੂੰ ਭਲਕੇ ਅਮਿਤ ਸ਼ਾਹ ਤੇ ਉਸ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦਾ ਡਰ ਲੱਗਣ ਲੱਗ ਪਿਆ ਹੈ। ਉਮੀਦਵਾਰਾਂ ਦੀ ਮੌਜੂਦਾ ਲਿਸਟ 'ਤੇ ਝਾਤ ਮਾਰਨ 'ਤੇ ਕਾਂਗਰਸ ਭਵਨ ਵਿਚ ਦਿਨ ਰਾਤ ਪਾਰਟੀ ਵਰਕਰਾਂ, ਲੀਡਰਾਂ, ਵਿਧਾਇਕਾਂ, ਮੰਤਰੀਆਂ ਨਾਲ ਰਾਬਤਾ ਰੱਖੀ ਬੈਠੇ ਚੋਣ ਪ੍ਰਚਾਰ ਕਮੇਟੀ ਦੇ ਅਹਿਮ ਕਾਂਗਰਸੀ ਨੇਤਾ ਕੈਪਟਨ ਸੰਦੀਪ ਸੰਧੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ
Harsimrat Kaur Badal
ਕਿ ਭਾਵੇਂ ਹਰ ਇਕ ਸੀਟ 'ਤੇ ਸੱਤਾਧਾਰੀ ਵਿਧਾਇਕਾਂ ਦੀ ਗਿਣਤੀ ਕੁਲ 9 ਵਿਚੋਂ 5,6,7 ਅਤੇ 9 ਦੀ ਹੈ ਪਰ ਪਿਛਲੇ 2 ਸਾਲ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਅਤੇ ਵੋਟਰਾਂ ਨਾਲ ਕਾਇਮ ਰਖਿਆ ਰਾਬਤਾ ਹੀ ਅੱਜ ਪਾਰਟੀ ਪਰਖ ਦਾ ਮੀਟਰ ਬਣੇਗਾ। ਉਨ੍ਹਾਂ ਮੰਨਿਆ ਕਿ ਚੋਣ ਮੈਦਾਨ ਵਿਚ ਉਤਾਰੇ ਕਾਂਗਰਸੀ ਉਮੀਦਵਾਰਾਂ ਵਿਚੋਂ ਕੁਝ ਇਕ ਐਮ.ਪੀ. ਪੱਧਰ ਦੇ ਨਹੀਂ ਲੱਗਦੇ ਅਤੇ ਕੁੱਝ ਥਾਵਾਂ 'ਤੇ ਬਾਹਰੀ ਕਹੇ ਜਾਣ ਲੱਗੇ ਹਨ। ਕੈਪਟਨ ਸੰਦੀਪ ਸੰਧੂ ਦਾ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਵਿਚ ਦੋਆਬਾ, ਮਾਝਾ, ਮਾਲਵਾ ਇਕ ਅਤੇ ਮਾਲਵਾ ਦੋ ਦਾ ਵੋਟਰ, ਵੱਖ-ਵੱਖ ਮੁੱਦਿਆਂ ਨੂੰ ਅਪਣੇ ਹੀ ਨਜ਼ਰੀਏ ਤੋਂ ਦੇਖੇਗਾ।