
ਦੁਨੀਆਂ ਭਰ ’ਚ ਸ਼ਾਨੋ-ਸੌਕਤ ਨਾਲ ਵਿਆਹ ਕਰਨ ਵਾਲੇ ਪੰਜਾਬੀ ਹੁਣ ਕੋਰੋਨਾ ਮਹਾਂਮਾਰੀ ਕਾਰਨ ਬਦਲੇ ਮਾਹੌਲ ’ਚ ਸਾਦੇ ਵਿਆਹਾਂ ਵਲ ਮੁੜ ਪਏ ਹਨ।
ਬਠਿੰਡਾ, 4 ਮਈ (ਸੁਖਜਿੰਦਰ ਮਾਨ): ਦੁਨੀਆਂ ਭਰ ’ਚ ਸ਼ਾਨੋ-ਸੌਕਤ ਨਾਲ ਵਿਆਹ ਕਰਨ ਵਾਲੇ ਪੰਜਾਬੀ ਹੁਣ ਕੋਰੋਨਾ ਮਹਾਂਮਾਰੀ ਕਾਰਨ ਬਦਲੇ ਮਾਹੌਲ ’ਚ ਸਾਦੇ ਵਿਆਹਾਂ ਵਲ ਮੁੜ ਪਏ ਹਨ। ਅੱਜ ਬਠਿੰਡਾ ਸ਼ਹਿਰ ਵਿਚ ਵੀ ਇਕ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਜਿਸ ਵਿਚ ਲਾੜਾ ਅਪਣੀ ਲਾੜੀ ਨੂੰ ਟਰੈਕਟਰ ਉਪਰ ਹੀ ਵਿਆਹ ਕੇ ਲੈ ਆਇਆ। ਰਸਤੇ ਵਿਚ ਮਿਲੇ ਲੋਕਾਂ ਨੇ ਜਿਥੇ ਇਸ ਨਿਵੇਕਲੇ ਵਿਆਹ ਦੀ ਪ੍ਰਸ਼ੰਸਾ ਕੀਤੀ, ਉਥੇ ਪੁਲਿਸ ਮੁਲਾਜ਼ਮਾਂ ਨੇ ਵੀ ਨਾਕਿਆਂ ’ਤੇ ਰੋਕ ਕੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿਤਾ ਤੇ ਨਾਲ ਹੀ ਫ਼ੋਟੋਆਂ ਕਰਵਾਈਆਂ।
File photo
ਮਿਲੀ ਸੂਚਨਾ ਮੁਤਾਬਕ ਸਥਾਨਕ ਗੁਰੂ ਕੀ ਨਗਰੀ ਵਿਚ ਰਹਿਣ ਵਾਲੇ ਅਰਸ਼ਦੀਪ ਸਿੰਘ ਪੁੱਤਰ ਕੌਰ ਸਿੰਘ ਦੀ ਕੁੱੱਝ ਸਮਾਂ ਪਹਿਲਾਂ ਸ਼ਹਿਰ ਦੀ ਹੀ ਆਵਾ ਬਸਤੀ ਦੇ ਸੱਤਪਾਲ ਸਿੰਘ ਦੀ ਲੜਕੀ ਕਮਲਜੀਤ ਕੌਰ ਨਾਲ ਮੰਗਣੀ ਹੋਈ ਸੀ। ਹਾਲਾਂਕਿ ਵਿਆਹ ਦੀ ਤਰੀਕ ਪਹਿਲਾਂ ਹੀ ਨੀਯਤ ਸੀ ਪਰ ਕਰਫ਼ਿਊ ਲੱਗਾ ਹੋਣ ਦੇ ਬਾਵਜੂਦ ਲਾੜੇ ਨੇ ਵਿਆਹ ਨੂੰ ਪਿੱਛੇ ਪਾਉਣ ਦੀ ਬਜਾਏ ਟਰੈਕਟਰ ਉਪਰ ਜਾ ਕੇ ਦੁਲਹਨ ਨੂੰ ਵਿਆਹ ਲਿਆਉਣ ਦੀ ਸੋਚੀ। ਲੜਕਾ ਸਥਾਨਕ ਇਕ ਪ੍ਰਾਈਵੇਟ ਬੈਂਕ ’ਚ ਨੌਕਰੀ ਕਰਦਾ ਹੈ
ਜਦਕਿ ਲੜਕੀ ਬੀਐਡ ਕਰ ਕੇ ਇਕ ਪ੍ਰਾਈਵੇਟ ਸਕੂਲ ਵਿਚ ਬਤੌਰ ਅਧਿਆਪਕਾ ਕੰਮ ਕਰਦੀ ਹੈ। ਲੜਕੀ ਦੇ ਬਾਪ ਸਤਪਾਲ ਸਿੰਘ ਨੇ ਖ਼ੁਸ਼ੀ ਦਾ ਇਜ਼ਾਹਰ ਕਰਦਿਆਂ ਕਿਹਾ ਕਿ ਲੜਕੇ ਦੇ ਪ੍ਰਵਾਰ ਵਾਲੇ ਸਿਰਫ਼ ਪੰਜ ਬੰਦੇ ਆਏ ਤੇ ਸਾਦੇ ਤਰੀਕੇ ਨਾਲ ਲੜਕੀ ਨੂੰ ਵਿਆਹ ਕੇ ਲੈ ਗਏ। ਸ਼ਹਿਰ ਵਿਚ ਇਸ ਸਾਦੇ ਵਿਆਹ ਦੀ ਚਰਚਾ ਹੁੰਦੀ ਰਹੀ ਤੇ ਸੋਸ਼ਲ ਮੀਡੀਆ ਉਪਰ ਵਿਆਹੀ ਜੋੜੀ ਦੀਆਂ ਫ਼ੋਟੋਆਂ ਘੁੰਮਦੀਆਂ ਰਹੀਆਂ। ਜਦ ਇਹ ਨਵਵਿਆਹੀ ਜੋੜੀ ਸਥਾਨਕ ਸ਼ਹੀਦ ਜਰਨੈਲ ਸਿਘ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਬਠਿੰਡਾ ਦੇ ਦਫ਼ਤਰ ਅੱਗਿਉਂ ਗੁਜ਼ਰਨ ਲੱਗੀ ਤਾਂ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਦੀ ਅਗਵਾਈ ਹੇਠ ਜੋੜੀ ਨੂੰ ਫੁੱਲ ਭੇਂਟ ਕਰ ਕੇ ਅਸ਼ੀਰਵਾਦ ਦਿਤਾ ਅਤੇ ਸੁਸਾਇਟੀ ਵਲੋਂ ਦੁਲਹਨ ਨੂੰ ਸ਼ਗਨ ਵੀ ਦਿਤਾ ਗਿਆ।