
ਕਣਕ ਦੀ ਖ਼ਰੀਦ 120 ਲੱਖ ਟਨ ਤੋਂ ਟੱਪੀ : ਭਾਰਤ ਭੂਸ਼ਣ ਆਸ਼ੂ
19000 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ
ੰਚੰਡੀਗੜ੍ਹ, 4 ਮਈ (ਜੀ.ਸੀ. ਭਾਰਦਵਾਜ) : ਕੋਰੋਨਾ ਮਹਾਂਮਾਰੀ ਅਤੇ ਕੇਂਦਰ ਵਲੋਂ ਨਵੀਆਂ ਸ਼ਰਤਾਂ ਦੇ ਬਾਵਜੂਦ ਕੁਲ 10 ਲੱਖ ਕਿਸਾਨਾਂ, ਮਜ਼ਦੂਰਾਂ, ਖ਼ਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਕਰਮਚਾਰੀਆਂ ਵਲੋਂ ਦਿਨ-ਰਾਤ ਆੜ੍ਹਤੀਆਂ ਤੇ ਪੱਲੇਦਾਰਾਂ ਦੀ ਮਿਹਨਤ ਸਦਕਾ ਕੇਵਲ 25 ਦਿਨਾਂ 'ਚ ਹੀ 120 ਲੱਖ ਟਨ ਕਣਕ ਦੀ ਖ਼ਰੀਦ ਮੰਗਲਵਾਰ ਸ਼ਾਮ ਤਕ ਕੀਤੀ ਜਾ ਚੁੱਕੀ ਹੈ |
ਇਸ ਸੀਜ਼ਨ 'ਚ ਐਤਕੀਂ 10 ਅਪ੍ਰੈਲ ਤੋਂ ਸ਼ੁਰੂ ਕੀਤੀ ਖ਼ਰੀਦ ਨੇ ਇੰਨੇ ਥੋੜੇ ਸਮੇਂ ਵਿਚ ਰੀਕਾਰਡ ਖ਼ਰੀਦ ਦਾ ਇਤਿਹਾਸ ਰਚਿਆ ਹੈ | ਪੰਜਾਬ ਦੇ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪਨਸਪ, ਪਨਗ੍ਰੇਨ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਸਮੇਤ ਕੇਂਦਰੀ ਐਫ਼.ਸੀ.ਆਈ. ਨੇ ਕੀਤੀ ਕਣਕ ਖ਼ਰੀਦ ਬਦਲੇ 19000 ਕਰੋੜ ਦੀ ਰਕਮ ਤਾਂ ਕਿਸਾਨ ਬੈਂਕ ਖਾਤਿਆਂ 'ਚ ਪਾ ਦਿਤੀ ਸੀ ਅਤੇ ਅੱਜ ਸ਼ਾਮ ਤਕ 1000 ਕਰੋੜ ਹੋਰ ਪਾ ਕੇ ਕੁਲ 20,000 ਕਰੋੜ ਦੀ ਅਦਾਇਗੀ ਹੋ ਜਾਵੇਗੀ |
ਮੰਤਰੀ ਨੇ ਦਸਿਆ ਕਿ ਕੇਂਦਰੀ ਭੰਡਾਰਣ ਵਾਸਤੇimage ਕੀਤੀ ਇਸ ਖ਼ਰੀਦ 'ਚੋਂ 75 ਲੱਖ ਟਨ ਦੀ ਲਿਫ਼ਟਿੰਗ ਮੰਡੀਆਂ 'ਚੋਂ ਕਰ ਕੇ ਸਟੋਰਾਂ 'ਚ ਜਾਂ ਪੱਕੀਆਂ ਪਿਲੰਥਾਂ 'ਤੇ ਟਿਕਾ ਦਿਤੀ ਹੈ ਅਤੇ ਬਾਕੀ 40-45 ਲੱਖ ਟਨ ਅਗਲੇ ਹਫ਼ਤੇ ਤਕ ਚੁੱਕ ਲਈ ਜਾਵੇਗੀ |
ਅਨਾਜ ਸਪਲਾਈ ਮੰਤਰੀ ਦਾ ਕਹਿਣਾ ਹੈ, ਰੋਜ਼ਾਨਾ 8 ਲੱਖ ਟਨ ਦੀ ਕਣਕ ਆਮਦ ਤੋਂ ਘਟ ਕੇ ਹੁਣ 2 ਲੱਖ ਟਨ ਰਹਿ ਗਈ ਹੈ, ਆਰਜ਼ੀ ਮੰਡੀਆਂ ਬੰਦ ਕਰ ਦਿਤੀਆਂ ਹਨ ਅਤੇ ਅਗਲੇ 4-5 ਦਿਨਾਂ ਤਕ ਕਣਕ ਖ਼ਰੀਦ ਦਾ ਨਿਬੇੜਾ ਹੋ ਜਾਵੇਗਾ |