
ਅਦਾਲਤੀ ਅਪਮਾਨ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ ?
ਕਿਹਾ, ਤੁਸੀਂ ਸ਼ੁਤੁਰਮੁਰਗ ਦੀ ਤਰ੍ਹਾਂ ਰੇਤ 'ਚ ਸਿਰ ਲੁਕਾ ਸਕਦੇ ਹੋ, ਅਸੀਂ ਅਜਿਹਾ ਨਹੀਂ ਕਰਾਂਗੇ
ਨਵੀਂ ਦਿੱਲੀ, 4 ਮਈ : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਤੋਂ ਕਾਰਨ ਦੱਸਣ ਨੂੰ ਕਿਹਾ ਕਿ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਦਿੱਲੀ ਨੂੰ ਆਕਸੀਜਨ ਦੀ ਸਪਲਾਈ 'ਤੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਉਸ ਵਿਰੁਧ ਅਪਮਾਨ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ | ਕੋਰਟ ਨੇ ਕਿਹਾ, ''ਤੁਸੀਂ ਸ਼ੁਤੁਰਮੁਰਗ ਦੀ ਤਰ੍ਹਾਂ ਰੇਤ 'ਚ ਸਿਰ ਲੁਕਾ ਸਕਦੇ ਹੋ, ਅਸੀਂ ਅਜਿਹਾ ਨਹੀਂ ਕਰਾਂਗੇ | ਹਾਈ ਕੋਰਟ ਦੇ ਬੈਂਚ ਨੇ ਕਿਹਾ, ''ਤੁਸੀਂ ਇਸ ਸ਼ਹਿਰ ਦਾ ਹਿੱਸਾ ਹੋ ਅਤੇ ਖ਼ੁਦ ਹਾਲਾਤ ਦੇਖ ਰਹੇ ਹੋ |ਕੀ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਪਤਾ |''
ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖ ਪੱਲੀ ਦੇ ਬੈਂਚ ਨੇ ਕੇਂਦਰ ਦੀ ਇਸ ਦਲੀਲ ਨੂੰ ਵੀ ਖ਼ਾਰਜ ਕਰ ਦਿਤਾ ਕਿ ਮੌਜੂਦਾ ਮੈਡੀਕਲ ਢਾਂਚੇ ਦੀ ਰੋਸ਼ਨੀ ਵਿਚ ਦਿੱਲੀ 700 ਮੀਟਿ੍ਕ ਟਨ ਮੈਡੀਕਲ ਆਕਸੀਜਨ ਦੀ ਹਕਦਾਰ ਨਹੀਂ ਹੈ |
ਬੈਂਚ ਨੇ ਕਿਹਾ, ''ਅਸੀਂ ਹਰ ਦਿਨ ਇਸ ਖ਼ਤਰਨਾਕ ਹਕੀਕਤ ਨੂੰ ਦੇਖ ਰਹੇ ਹਾਂ ਕਿ ਲੋਕਾਂ ਨੂੰ ਹਸਪਤਾਲਾਂ 'ਚ ਆਕਸੀਜਨ ਜਾਂ ਆਈਸੀਯੂ ਬੈੱਡ ਨਹੀਂ ਮਿਲ ਰਹੇ, ਘੱਟ ਗੈਸ ਸਪਲਾਈ ਕਾਰਨ ਬੈੱਡ ਦੀ ਗਿਣਤੀ ਘਟਾ ਦਿਤੀ ਗਈ ਹੈ |'' ਅਦਾਲਤ ਨੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਨੋਟਿਸ 'ਤੇ ਜਵਾਬ ਦੇੇਣ ਲਈ ਬੁਧਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿਤੇ |
ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੇ 30 ਅਪ੍ਰੈਲ ਦੇ ਹੁਕਮਾਂ ਮੁਤਾਬਕ ਉਸ ਨੇ ਕੇਂਦਰ ਨੂੰ 700 ਮੀਟਿ੍ਕ ਟਨ ਆਕਸੀਜਨ ਮੁਹਈਆ ਕਰਾਉਣ ਦਾ ਨਿਰਦੇਸ਼ ਦਿਤਾ ਸੀ ਨਾ ਕਿ ਸਿਰਫ਼ 490 ਮੀਟਿ੍ਕ ਟਨ | ਬੈਂਚ ਨੇ ਕਿਹਾ, ''ਅਸੀਂ ਤੁਹਾਨੂੰ ਕਿਹਾ ਸੀ ਕਿ ਅਪਮਾਨ ਦੀ ਕਾਰਵਾਈ ਅੰਤਮ ਵਿਕਲਪ ਹੈ ਪਰ ਅਸੀਂ ਉਸ 'ਤੇ ਸੋਚ ਵੀ ਰਹੇ ਹਾਂ ਅਤੇ ਸਾਨੂੰ ਉਸ ਹੱਦ ਤਾ ਨਾ ਲੈ ਜਾਉ | ਬਹੁਤ ਹੋ ਚੁੱਕਾ ਹੈ |
ਤੁਹਾਡੇ ਕੋਲ 700 ਮੀਟਿ੍ਕ ਟਨ ਆਕਸੀਜਨ ਸਪਲਾਈ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ |'' ਬੈਂਚ ਨੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਹੁਕਮ ਦੇ ਚੁੱਕਾ ਹੈ, ਹੁਣ ਹਾਈ ਕੋਰਟ ਵੀ ਕਹਿ ਰਿਹਾ ਹੈ ਕਿ ਜਿਵੇਂ ਮਰਜ਼ੀ ਕੇਂਦਰ ਨੂੰ ਹਰ ਦਿਨ ਦਿੱਲੀ ਨੂੰ 700 ਮੀਟਿ੍ਕ ਟਨ ਆਕਸੀਜਨ ਦੀ ਸਪਲਾਈ ਕਰਨੀ ਹੀ ਹੋਵੇਗੀ | ਦਿੱਲੀ 'ਚ ਆਕਸੀਜਨ ਸੰਕਟ ਅਤੇ ਕੋਵਿਡ 19 ਸਬੰਧੀ ਮੁੱਦਿਆਂ 'ਤੇ ਬੈਂਚ ਨੇ ਕਰੀਬ ਪੰਜ ਘੰਟੇ ਸੁਣਵਾਈ ਕੀਤੀ |
(ਏਜੰਸੀ)