
ਅਟਵਾਲ ਵਰਗਾ ਹੀਰਾ ਚੁੱਕ ਕੇ ਸੋਨੇ 'ਚ ਜੜਾਂਗੇ : ਸਿੱਧੂ
ਕਿਹਾ, ਕੇਜਰੀਵਾਲ ਦਾ ਤਾਂ ਪਤਾ ਹੀ ਨਹੀਂ ਲਗਦਾ ਕਿ ਉਹ ਕਦੋਂ ਕਿਧਰ ਨੂੰ ਘੁਮ ਜਾਵੇ
ਫਿਲੌਰ, 4 ਮਈ (ਸੁਰਜੀਤ ਸਿੰਘ ਬਰਨਾਲਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅੱਜ ਗੁਰਬਿੰਦਰ ਸਿੰਘ ਅਟਵਾਲ ਨੂੰ ਉਚੇਚੇ ਤੌਰ 'ਤੇ ਮਿਲਣ ਲਈ ਆਏ ਸਨ | ਸਿੱਧੂ ਨੇ ਕਿਹਾ ਕਿ ਉਹ ਅਟਵਾਲ ਵਰਗਾ ਹੀਰਾ ਚੁੱਕ ਕੇ ਸੋਨੇ 'ਚ ਜੜਨਾ ਲੋਚਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਲਈ ਠੇਕੇਦਾਰੀ ਪ੍ਰਣਾਲੀ ਮੁਕੰਮਲ ਤੌਰ 'ਤੇ ਬੰਦ ਕਰ ਕੇ ਸਾਰਾ ਕੰਮ ਸੂਬਾ ਸਰਕਾਰ ਨੂੰ ਅਪਣੇ ਹੱਥਾਂ 'ਚ ਲੈਣਾ ਹੋਵੇਗਾ ਕਿਉਂਕਿ ਸੂਬੇ ਦਾ ਸਾਰਾ ਪੈਸਾ ਸਰਕਾਰੀ ਖ਼ਜ਼ਾਨੇ 'ਚ ਆਉਣ ਦੀ ਬਜਾਏ ਨਿਜੀ ਹੱਥਾਂ ਵਿਚ ਜਾ ਰਿਹਾ ਹੈ | ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਹ ਪਿਛਲੇ ਕਰੀਬ 7 ਸਾਲਾਂ ਤੋਂ ਮਾਫ਼ੀਆ ਰਾਜ ਵਿਰੁਧ ਲਗਾਤਾਰ ਲੜਦੇ ਆ ਰਹੇ ਹਨ ਅਤੇ ਪੰਜਾਬ ਦੇ ਭਲੇ ਲਈ ਨਿਰੰਤਰ ਲੜਦੇ ਰਹਿਣਗੇ |
ਉਨ੍ਹਾਂ ਕਿਹਾ ਕਿ 3 ਚੀਜ਼ਾਂ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ ਪਟਰੌਲ-ਡੀਜ਼ਲ, ਸ਼ਰਾਬ ਅਤੇ ਰੇਤ | ਜੇ ਪੰਜਾਬ ਚਾਹੇ ਤਾਂ ਇਸ ਨਾਲ ਵਾਧੂ ਪੈਸਾ ਕਮਾ ਸਕਦਾ ਹੈ | ਸਿੱਧੂ ਨੇ ਕੇਜਰੀਵਾਲ 'ਤੇ ਵਿਅੰਗ ਕਸਦੇ ਹੋਏ ਕਿਹਾ ਕਿ ਬਿਨ ਪੈਂਦੇ ਕਾ ਲੋਟਾ ਵੀ ਘੱਟ ਘੁਮਦਾ ਹੈ ਪਰ ਕੇਜਰੀਵਾਲ ਦਾ ਤਾਂ ਪਤਾ ਹੀ ਨਹੀਂ ਲਗਦਾ ਕਿ ਉਹ ਕਦੋਂ ਕਿਧਰ ਨੂੰ ਘੁੰਮ ਜਾਂਦਾ ਹੈ | ਬਿਜਲੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅੱਜ 7 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੈ ਜਦਕਿ ਆਉਣ ਵਾਲੇ ਦਿਨਾਂ ਵਿਚ ਇਹ ਖਪਤ 16 ਹਜ਼ਾਰ ਮੈਗਾਵਾਟ ਹੋ ਜਾਵੇਗੀ ਫਿਰ ਪੰਜਾਬ ਦਾ ਕੀ ਬਣੇਗਾ | ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਨੂੰ ਠੇਕੇਦਾਰੀ ਪ੍ਰਣਾਲੀ ਯਕੀਨੀ ਤੌਰ 'ਤੇ ਬੰਦ ਕਰਨੀ ਹੋਵੇਗੀ ਅਤੇ ਰਾਜਨੀਤਕ ਇੱਛਾ ਸ਼ਕਤੀ ਨਾਲ ਸੂਬਾ ਸਰਕਾਰ ਨੂੰ ਡੱਟ ਕੇ ਕੰਮ ਕਰਨਾ ਹੋਵੇਗਾ | ਗੁਰਬਿੰਦਰ ਸਿੰਘ ਅਟਵਾਲ ਨੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਤ ਕੀਤਾ |
ਇਸ ਮੌਕੇ ਨਗਰ ਕੌਂਸਲ ਫਿਲੌਰ ਦੇ ਕੌਂਸਲਰ ਯਸ਼ਪਾਲ ਗਿੰਡਾ, ਕੌਂਸਲਰ ਰਾਕੇਸ਼ ਕਾਲੀਆ, ਕੌਂਸਲਰ ਰਾਜੇਸ਼ ਰੌਕਸੀ, ਕੌਂਸਲਰ ਡਾ. ਵੈਭਵ ਸ਼ਰਮਾ, ਕਾਂਗਰਸੀ ਆਗੂ ਦੇਸਰਾਜ ਮੱਲ, ਸੀਨੀਅਰ ਸਿਟੀਜ਼ਨ ਪੀ.ਐਸ. ਗੁਲਸ਼ਨ, ਪਿੰਡ ਸੈਫਾਬਾਦ ਦੇ ਸਾਬਕਾ ਸਰਪੰਚ ਦਰਸ਼ਨ ਰਾਮ, ਪਿੰਕਾ ਧੀਰ, ਡਾ.ਪੂਰਨ ਚੰਦ ਸ਼ਰਮਾ, ਸੱਤਪਾਲ ਸੁੰਮਨ, ਕਾਮਰੇਡ ਪੰਮਾ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |