
ਕੇਂਦਰ ਦੀਆਂ ਨੀਤੀਆਂ ਵਿਰੁਧ ਸੰਘਰਸ਼ ਦਾ ਫ਼ੈਸਲਾ!
ਫਿਰੋਜਪੁਰ, 5 ਜੂਨ (ਜਗਵੰਤ ਸਿੰਘ ਮੱਲ੍ਹੀ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋਟਬੁੱਢਾ ਧੜੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਥੇੰਦਾਰ ਸੁਖਦੇਵ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ। ਮੀਅਿੰਗ 'ਚ ਕਿਸਾਨ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਸੂਬਾ ਸਕੱਤਰ ਕਰਮਜੀਤ ਸਿੰਘ ਤਲਵੰਡੀ ਨੇ ਆਖਿਆ ਕਿ ਮੋਦੀ ਸਰਕਾਰ ਨੇ ਕਰੋਨਾ ਮਹਾਮਾਰੀ ਦੌਰਾਨ ਕੋਈ ਮਦਦ ਕਰਨ ਦੀ ਬਜਾਏ ਕਿਸਾਨ ਮਾਰੂ ਨੀਤੀਆਂ ਬਣਾ ਦਿੱਤੀਆਂ ਹਨ। ਕੇਂਦਰ ਸਰਕਾਰ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਘਾਣ ਕਰਦਿਆਂ ਖੁੱਲ੍ਹੀ ਮੰਡੀ ਖੇਤੀ ਨੀਤੀ ਲਾਗੂ ਕਰਕੇ ਖੇਤੀ ਉਪਜਾਂ ਨੂੰ ਜਰੂਰੀ ਵਸਤਾਂ ਕਾਨੂੰਨ ਵਿੱਚੋਂ ਬਾਹਰ ਕੱਢ ਦਿੱਤਾ ਹੈ।
ਉਨ੍ਹਾਂ ਖਦਸ਼ਾ ਜ਼ਾਹਰ ਕਰਦਿਆਂ ਆਖਿਆ ਕਿ ਬਿਜਲੀ ਐਕਟ ਸੋਧ ਬਿੱਲ ਨਾਲ ਜਿੱਥੇ ਲੋਕਾਂ ਦੀ ਬੇਕਿਰਕੀ ਨਾਲ ਲੁੱਟ ਕਰਨ ਦਾ ਰਾਹ ਖੁੱਲ੍ਹੇਗਾ ਉਥੇ ਖੇਤੀ ਜਿਨਸਾਂ ਨੂੰ ਮਨਮਰਜੀ ਨਾਲ ਖਰੀਦਣ ਵਾਲੇ ਕਾਰਪੋਰੇਟ ਵੀ ਲੋਕ ਮਾਰੂ ਸਿੱਧ ਹੋਣਗੇ। ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ, ਕਰਨੈਲ ਸਿੰਘ ਭੋਲਾ ਅਤੇ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਬੋਲਦਿਆਂ ਕਿਹਾ ਕਿ ਫਸਲਾਂ ਦੇ ਖਰੀਦ 'ਚ ਅਥਾਹ ਵਾਧਾ ਕਰਕੇ ਸਰਕਾਰ ਨਾਲ ਹੀ ਖੇਤੀ ਲਾਗਤ ਵਾਲੀਆਂ ਜਰੂਰੀ ਚੀਜ਼ਾਂ ਦੇ ਭਾਅ ਕਈ ਗੁਣਾ ਵਧਾ ਦਿੰਦੀ ਹੈ। ਅੰਨਦਾਤ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਪਿਆ ਹੈ। ਫਸਲਾਂ ਦੇ ਲਾਹੇਵੰਦ ਭਾਅ ਲੈਣ ਲਈ ਮੱਧ ਪ੍ਰਦੇਸ਼ ਦੇ ਮੰਦਸੋਰ 'ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ ਪੁਲੀਸ ਗੋਲੀਆਂ ਨਾਲ ਸ਼ਹੀਦ ਕੀਤੇ ਗਏ 6 ਕਿਸਾਨਾਂ ਨੂੰ ਵੀ ਉਨ੍ਹਾਂ ਯਾਦ ਕਰਦਿਆਂ ਸ਼ਰਧਾਜਲੀਆਂ ਭੇਟ ਕੀਤੀਆਂ। ਜਥੇਬੰਦੀ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਬੰਧਿਤ ਕਿਸਾਨ ਪ੍ਰਸ਼ੋਤਮ 'ਤੇ ਉਸ ਦੇ ਪਿੰਡ ਦੇ ਸਰਪੰਚ ਵੱਲੋਂ ਕੀਤੇ ਗਏ ਕਾਤਲਨਾ ਹਮਲੇ ਨੂੰ ਵੀ ਕਾਇਰਤਾ ਕਹਿੰਦਿਆਂ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਕਿਸਾਨ ਮਾਰੂ ਨੀਤੀਆਂ ਖਿਲਾਫ਼ ਜਲਦੀ ਹੀ ਤਕੜੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਕਾਬਲ ਸਿੰਘ ਲਖ਼ਨਪਾਲ, ਜਸਬੀਰ ਸਿੰਘ ਮਰਹਾਣਾ, ਜੱਗਾ ਸਿੰਘ ਨੰਗਲ, ਸ਼ਿੰਦਾ ਮਸੀਹ, ਪ੍ਰਕਾਸ਼ ਸਿੰਘ, ਕਾਰਜ ਸਿੰਘ, ਮੋਤ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ, ਗੁਰਦੀਪ ਸਿੰਘ, ਪ੍ਰਤਾਪ ਸਿੰਘ, ਕੁਲਵੰਤ ਸਿੰਘ ਅਤੇ ਜਗਦੀਪ ਸਿੰਘ ਆਦਿ ਅਹੁਦੇਦਾਰ ਵੀ ਹਾਜਰ ਸਨ।