
ਬਰਗਾੜੀ ਤੇ ਬਹਿਬਲ ਕਲਾਂ ਮੁੱਦਾ ਮੁੜ ਭਖੇਗਾ
ਚੰਡੀਗੜ੍ਹ, 4 ਜੂਨ (ਗੁਰਉਪਦੇਸ਼ ਭੁੱਲਰ) : ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ 6 ਮਹੀਨੇ ਲੰਬਾ ਬਰਗਾੜੀ ਮੋਰਚਾ ਚਲਾਉਣ ਵਾਲੀਆਂ ਪੰਥਕ ਜਥੇਬੰਦੀਆਂ ਨੇ ਮੁੜ ਅੰਗੜਾਈ ਭਰੀ ਹੈ। ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਇਥੇ ਪੰਜਾਬ ਭਵਨ ਵਿਚ ਮੀਟਿੰਗ ਕਰ ਕੇ ਬਰਗਾੜੀ ਮੋਰਚੇ ਦੀਆਂ ਮੰਗਾਂ ਯਾਦ ਕਰਵਾਈਆਂ ਹਨ। ਸਰਕਾਰ ਦੇ ਭਰੋਸੇ ਦੇ ਬਾਵਜੂਦ ਡੇਢ ਸਾਲ ਦਾ ਸਮਾਂ ਬੀਤਣ ਬਾਅਦ ਵੀ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਖ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਣ ’ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਛੇਤੀ ਕਾਰਵਾਈ ਨਾ ਹੋਣ ’ਤੇ ਮੁੜ ਮੋਰਚਾ ਲਾਉਣ ਦਾ ਵੀ ਸਰਕਾਰ ਨੂੰ ਅਲਟੀਮੇਟਮ ਦਿਤਾ ਗਿਆ ਹੈ।
ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ ਵਿਚ ਸ਼ਾਮਲ ਪੰਥਕ ਪਾਰਟੀਆਂ ਦੇ ਨੇਤਾਵਾਂ ਵਿਚ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਿਮਰਨਜੀਤ ਸਿੰਘ ਮਾਨ ਦੇ ਨਿਜੀ ਸਹਾਇਕ ਗੁਰਜੰਟ ਸਿੰਘ ਕੱਟੂ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਦਲ ਖ਼ਾਲਸਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਖਡੂਰ, ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਅਤੇ ਚੰਡੀਗੜ੍ਹ ਤੋਂ ਯੂਨਾਈਟਿਡ ਅਕਾਲੀ ਦਲ ਨੇਤਾ ਜਥੇਦਾਰ ਗੁਰਨਾਮ ਸਿੰਘ ਸਿੱਧੂ ਸ਼ਾਮਲ ਸਨ।
ਸੁਰੇਸ਼ ਕੁਮਾਰ ਨੂੰ ਸੌਂਪੇ ਗਏ ਸਾਂਝੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ 6 ਮਹੀਨੇ ਦੇ ਸਮੇਂ ਤਕ ਲੰਬਾ ਬਰਗਾੜੀ ਮੋਰਚਾ ਚਲਿਆ ਸੀ। 9 ਦਸੰਬਰ 2018 ਨੂੰ ਪੰਜਾਬ ਸਰਕਾਰ ਦੇ ਦੋ ਵਜ਼ੀਰਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ 3 ਹੋਰ ਵਿਧਾਇਕਾਂ ਨੇ ਦਖ਼ਲ ਦੇ ਕੇ ਮੋਰਚਾ ਖ਼ਤਮ ਕਰਵਾਇਆ ਸੀ ਅਤੇ ਦੋਸ਼ੀਆਂ ਵਿਰੁਧ ਸਰਕਾਰ ਵਲੋਂ ਕਾਰਵਾਈ ਦਾ ਭਰੋਸਾ ਦਿਤਾ ਗਿਆ ਸੀ ਪਰ ਅੱਜ ਤਕ ਮੁੱਖ ਦੋਸ਼ੀਆਂ ਦਾ ਕੁੱਝ ਨਹੀਂ ਵਿਗੜਿਆ।
ਕਿਹਾ ਗਿਆ ਕਿ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਣ ’ਤੇ ਸਿੱਖ ਪੰਥ ਵਿਚ ਰੋਸ ਪੈਦਾ ਹੋ ਰਿਹਾ ਹੈ। ਮੰਗ ਕੀਤੀ ਗਈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਨਾਮਜ਼ਦ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਸਪੱਸ਼ਟ ਅਲਟੀਮੇਟਮ ਦਿੰਦਿਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਦਾ ਰਵੱਈਆ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਢਿਲ-ਮੱਠ ਵਾਲਾ ਰਿਹਾ ਤਾਂ ਲਾਕਡਾਊਨ ਖ਼ਤਮ ਹੋਣ ਬਾਅਦ ਬਰਗਾੜੀ ਮੋਰਚੇ ਵਿਚ ਸ਼ਾਮਲ ਸਮੂਹ ਜਥੇਬੰਦੀਆਂ ਨੂੰ ਇਕਜੁੱਟ ਕਰ ਕੇ ਮੁੜ ਸੰਘਰਸ਼ ਦਾ ਪ੍ਰੋਗਰਾਮ ਐਲਾਨਿਆ ਜਾਵੇਗਾ।