
ਬਰਖ਼ਾਸਤ ਪੁਲਿਸ ਮੁਲਾਜ਼ਮ ਨੂੰ ਮੁੜ ਨੌਕਰੀ 'ਤੇ ਬਹਾਲ ਕਰਨ ਦਾ ਮਾਮਲਾ
ਫ਼ਰੀਦਕੋਟ : ਕਤਲ ਦੇ ਮੁਲਜ਼ਮ ਤੋਂ ਕਰੋੜਾਂ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਮਗਰੋਂ ਆਈ.ਜੀ. ਅਤੇ ਡੀ.ਆਈ.ਜੀ. ਫ਼ਰੀਦਕੋਟ ਦਾ ਦਫ਼ਤਰ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਕ ਪ੍ਰਵਾਸੀ ਪੰਜਾਬੀ ਤੋਂ ਦੋ ਕਿਲੋ ਸੋਨਾ ਖੋਹਣ ਤੋਂ ਮਗਰੋਂ ਪੁਲਿਸ ਮੁਲਾਜ਼ਮ ਖੇਮ ਚੰਦ ਪਰਾਸ਼ਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ ਪਰ ਆਈ.ਜੀ. ਦਫ਼ਤਰ ਨੇ ਅੰਦਰ ਖਾਤੇ ਹੀ ਮੁੜ ਤੋਂ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਨੌਕਰੀ 'ਤੇ ਬਹਾਲ ਕਰ ਦਿਤਾ।
ਇਥੇ ਹੀ ਬਸ ਨਹੀਂ ਸਗੋਂ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਆਈ.ਜੀ. ਰੇਂਜ ਦੇ ਦਫ਼ਤਰ ਵਿਚ ਅਹਿਮ ਪੋਸਟ ’ਤੇ ਤਾਇਨਾਤ ਕਰਨ ਗੰਭੀਰ ਮਾਮਲਿਆਂ ਦੀ ਪੜਤਾਲ ਦੀ ਜ਼ਿੰਮੇਵਾਰੀ ਵੀ ਦਿਤੀ ਗਈ। ਇਹ ਸਾਰਾ ਖ਼ੁਲਾਸਾ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਅਪਣੀ ਰੀਪੋਰਟ ਵਿਚ ਕਰਦਿਆਂ ਕਿਹਾ ਕਿ ਕਤਲ ਵਰਗੇ ਅਪਰਾਧਾਂ ਨੂੰ ਨਜਿੱਠਣ ਵਿਚ ਡੀ.ਆਈ.ਜੀ. ਅਤੇ ਆਈ.ਜੀ. ਦਫ਼ਤਰ ਨੇ ਵੱਡੀ ਕੁੁਤਾਹੀ ਕੀਤੀ ਹੈ। ਉਨ੍ਹਾਂ ਇਹ ਰੀਪੋਰਟ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਭੇਜੀ ਹੈ ਅਤੇ ਦਸਿਆ ਕਿ ਕਤਲ ਕੇਸ ਦੀ ਫ਼ਾਈਲ ਨੂੰ ਹੀ ਗੁੰਮ ਕਰ ਦਿਤਾ ਗਿਆ ਅਤੇ ਜਦੋਂ ਵਿਵਾਦ ਨੇ ਤੂਲ ਫੜਿਆ ਤਾਂ ਇਸ ਕਤਲ ਕੇਸ ਦੀ ਫ਼ਾਈਲ ਮੁੜ ਬਣਾਈ ਗਈ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਸਿੱਕੀ ਦੇ ਪੀ.ਏ. ਕੋਲੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ
ਰੀਪੋਰਟ ਵਿਚ ਅੱਗੇ ਦਸਿਆ ਗਿਆ ਹੈ ਕਿ ਮਹੰਤ ਦਿਆਲ ਦਾਸ ਦੇ ਕਤਲ ਦੀ ਜਾਂਚ ਹਾਲਾਂਕਿ ਇਕ ਐਸ.ਪੀ. ਰੈਂਕ ਦੇ ਅਧਿਕਾਰੀ ਵਲੋਂ ਕੀਤੀ ਗਈ ਸੀ ਪਰ ਜਾਂਚ ਦੌਰਾਨ ਡੀ.ਆਈ.ਜੀ. ਅਤੇ ਆਈ.ਜੀ. ਦਫ਼ਤਰ ਨੇ ਇਸ ਅਧਿਕਾਰੀ ਦੀ ਰੀਪੋਰਟ ਨੂੰ ਅਣਦੇਖਿਆਂ ਕਰਦਿਆਂ ਅਪਣੀ ਪਸੰਦ ਦੇ ਪੁਲਿਸ ਅਫ਼ਸਰਾਂ ਤੋਂ ਨਵੀਂ ਰੀਪੋਰਟ ਤਿਆਰ ਕਰਵਾਈ ਜਿਸ ਤੋਂ ਬਾਅਦ ਕਤਲ ਦੇ ਦੋਸ਼ੀ ਨੂੰ ਕਲੀਨ ਚਿੱਟ ਦੇ ਦਿਤੀ ਗਈ।
ਹਾਲਾਂਕਿ ਇਸ ਪੂਰੇ ਮਾਮਲੇ ਬਾਰੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਵਲੋਂ ਕੋਈ ਵੀ ਟਿਪਣੀ ਨਹੀਂ ਕੀਤੀ ਗਈ ਹੈ। ਦਸ ਦੇਈਏ ਕਿ ਇਸ ਮਾਮਲੇ ਵਿਚ ਫ਼ਰੀਦਕੋਟ ਪੁਲਿਸ ਨੇ ਐਸ.ਪੀ. ਗਗਨੇਸ਼ ਕੁਮਾਰ, ਡੀ.ਐਸ.ਪੀ. ਸੁਸ਼ੀਲ ਕੁਮਾਰ, ਇੰਸਪੈਕਟਰ ਖੇਮ ਚੰਦ ਪਰਾਸ਼ਰ ਤੋਂ ਇਲਾਵਾ ਦਲਾਲ ਦੀ ਭੂਮਿਕਾ ਨਿਭਾਉਣ ਵਾਲੇ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਠੇਕੇਦਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਵਿਚ ਪੁਲਿਸ ਦੇ ਉੱਚ ਅਫ਼ਸਰਾਂ ਦੀ ਸ਼ਮੂਲੀਅਤ ਬਾਰੇ ਵਿਜੀਲੈਂਸ ਵਲੋਂ ਜਾਂਚ ਕੀਤੀ ਜਾਵੇਗੀ।