
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਹੁਕਮਾਂ ਐਸਡੀਐਮ ਡਾ. ਆਰ.ਪੀ. ਸਿੰਘ ਵਲੋਂ ਪਿੰਡ ਮੌਲੀ ਬੈਦਵਾਨ (ਸੈਕਟਰ-80) ਦਾ ਦੌਰਾ ਕਰ ਕੇ ਇਸ ਇਲਾਕੇ ਵਿਚ...
ਐਸ.ਏ.ਐਸ. ਨਗਰ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਹੁਕਮਾਂ ਐਸਡੀਐਮ ਡਾ. ਆਰ.ਪੀ. ਸਿੰਘ ਵਲੋਂ ਪਿੰਡ ਮੌਲੀ ਬੈਦਵਾਨ (ਸੈਕਟਰ-80) ਦਾ ਦੌਰਾ ਕਰ ਕੇ ਇਸ ਇਲਾਕੇ ਵਿਚ ਬਣੀਆਂ ਹੋਈਆਂ ਅਤੇ ਨਵੀਆਂ ਬਣ ਰਹੀਆਂ ਇਮਾਰਤਾਂ ਦੀ ਜਾਂਚ ਕੀਤੀ ਗਈ। ਐਸਡੀਐਮ ਦੀ ਜਾਂਚ ਮੁਤਾਬਕ ਮੌਲੀ ਬੈਦਵਾਨ ਦੀ ਫਿਰਨੀ 'ਤੇ ਗ਼ੈਰ ਕਾਨੂੰਨੀ ਢੰਗ ਨਾਲ ਬੇਸਮੈਂਟ ਦੀ ਉਸਾਰੀ ਕਰ ਕੇ ਉਸ ਉੱਤੇ ਤਿੰਨ ਤੋਂ ਛੇ ਮੰਜ਼ਲਾਂ ਇਮਾਰਤਾਂ ਉਸਾਰੀਆਂ ਗਈਆਂ ਹਨ।
ਐਸਡੀਐਮ ਨੇ ਅੱਜ ਦੁਪਹਿਰ ਵੇਲੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਨੂੰ ਸੌਂਪੀ ਅਪਣੀ ਜਾਂਚ ਵਿਚ ਕਿਹਾ ਹੈ ਕਿ ਪੜਤਾਲ ਦੌਰਾਨ ਮੌਕੇ 'ਤੇ ਮੌਜੂਦ ਅਤੇ ਨੇੜੇ ਤੇੜੇ ਵੱਸਦੇ ਲੋਕ ਇਮਾਰਤਾਂ ਦੀ ਉਸਾਰੀ ਬਾਰੇ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹਨ। ਇਨ੍ਹਾਂ ਇਮਾਰਤਾਂ ਦੇ ਮਾਲਕਾਂ ਵਲੋਂ ਉਸਾਰੀ ਕਰਨ ਲਈ ਕੋਈ ਪ੍ਰਵਾਨਗੀ ਨਹੀਂ ਲਈ ਗਈ ਹੈ ਅਤੇ ਨਾ ਹੀ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ।
ਜੇ ਕੋਈ ਹਲਕਾ ਜਿਹਾ ਭੂਚਾਲ ਆ ਜਾਵੇ ਤਾਂ ਇਮਾਰਤ ਪਲਾਂ ਵਿਚ ਡਿੱਗ ਜਾਵੇਗੀ। ਜਿਸ ਨਾਲ ਲੋਕਾਂ ਦੀ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਇਮਾਰਤਾਂ ਰਿਹਾਇਸ਼ੀ ਅਤੇ ਵਪਾਰਕ ਵੀ ਹਨ। ਡੀ.ਸੀ. ਨੂੰ ਲਿਖੇ ਪੱਤਰ ਅਨੁਸਾਰ ਇਮਾਰਤਾਂ ਬਣਾਉਣ ਸਮੇਂ ਮਾਲਕਾਂ ਵਲੋਂ ਬਿਲਡਿੰਗ ਬਾਈਲਾਜ ਦੀ ਉਲੰਘਣਾ ਕੀਤੀ ਗਈ ਹੈ।
ਇਸ ਦੀ ਡੂੰਘਾਈ ਵਿੱਚ ਜਾਂਚ ਕਰਨੀ ਵਾਜਬ ਹੈ ਜਾਂ ਗਮਾਡਾ ਵਿਭਾਗ ਅਤੇ ਮਿਉਂਸਪਲ ਕਾਰਪੋਰੇਸ਼ਨ ਤੋਂ ਵੀ ਰਿਪੋਰਟ ਲੈਣੀ ਵਾਜਬ ਹੋਵੇਗੀ। ਉਧਰ, ਇਸ ਸਬੰਧੀ ਸੰਪਰਕ ਕਰਨ 'ਤੇ ਐਸਡੀਐਮ ਡਾਕਟਰ ਆਰ.ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਕੱਲ੍ਹ ਅਤੇ ਅੱਜ ਦੋ ਦਿਨ ਲਗਾਤਾਰ ਮੌਲੀ ਬੈਦਵਾਨ ਵਿੱਚ ਕਈ ਕਈ ਮੰਜ਼ਲਾਂ ਉਸਾਰੀਆਂ ਕੀਤੀਆਂ ਗਈਆਂ ਬਿਲਡਿੰਗਾਂ ਦੀ ਪੜਤਾਲ ਕੀਤੀ ਗਈ ਹੈ ਅਤੇ ਪਿੰਡ ਦੀ ਫਿਰਨੀ 'ਤੇ ਕਰੀਬ 9 ਤੋਂ ਵੱਧ ਬਿਲਡਿੰਗਾਂ ਨਾਜਾਇਜ਼ ਪਾਈਆਂ ਗਈਆਂ ਹਨ।
ਇਸ ਸਬੰਧੀ ਉਨ੍ਹਾਂ ਨੇ ਅੱਜ ਜਾਂਚ ਰਿਪੋਰਟ ਮੋਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਅਗਰੇਲੀ ਕਾਰਵਾਈ ਲਈ ਭੇਜ ਦਿੱਤੀ ਹੈ। ਉਧਰ, ਦੂਜੇ ਪਾਸੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਐਸਡੀਐਮ ਨੂੰ ਨਾਜਾਇਜ਼ ਉਸਾਰੀਆਂ ਬਾਰੇ ਨਵੇਂ ਸਿਰਿਓਂ ਪੜਤਾਲ ਰਿਪੋਰਟ ਦੇਣ ਲਈ ਆਖਿਆ ਹੈ। ਡੀਸੀ ਅਨੁਸਾਰ ਮੁੱਢਲੀ ਜਾਂਚ ਰਿਪੋਰਟ ਅਧੂਰੀ ਸੀ। ਇਸ ਕਰਕੇ ਐਸਡੀਐਮ ਨੂੰ ਵਿਸਥਾਰ ਪੂਰਵਕ ਪੜਤਾਲੀਆਂ ਰਿਪੋਰਟ ਦੇਣ ਲਈ ਕਿਹਾ ਗਿਆ ਹੈ।