
ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੇ ਐਰੋਸਿਟੀ ਸਥਿਤ ਕਿਸਾਨ ਵਿਕਾਸ ਚੈਂਬਰ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰੀਆਂ...
ਐਸ.ਏ.ਐਸ ਨਗਰ, ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੇ ਐਰੋਸਿਟੀ ਸਥਿਤ ਕਿਸਾਨ ਵਿਕਾਸ ਚੈਂਬਰ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰੀਆਂ ਨੂੰ ਈ-ਪੋਸ ਮਸ਼ੀਨਾਂ ਰਾਹੀਂ ਰਾਸ਼ਨ ਵੰਡਣ ਦੇ ਸੂਬਾ ਪਧਰੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੇ ਜਾਣ ਅਤੇ ਡਿੱਪੂ ਹੋਲਡਰਾਂ ਨੂੰ ਵਧੇ ਹੋਏ ਕਮਿਸ਼ਨ/ ਮਾਰਜਨ ਮਨੀ ਦੇ ਚੈੱਕ ਵੰਡਣ ਸਬੰਧੀ ਕਰਵਾਏ ਜਾ ਰਹੇ ਸੂਬਾ ਪਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਸਮਾਗਮ ਦੀ ਪ੍ਰਧਾਨਗੀ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲਿਆਂ ਮੰਤਰੀ, ਪੰਜਾਬ ਭਾਰਤ ਭੂਸ਼ਨ ਆਸ਼ੂ ਕਰਨਗੇ ਅਤੇ ਜੇਲ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ।
ਇਸ ਸਬੰਧੀ ਗੱਲਬਾਤ ਕਰਦਿਆਂ ਬੁਲਾਰੇ ਨੇ ਦਸਿਆ ਕਿ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਤਹਿਤ ਸਮਾਰਟ ਰਾਸ਼ਨ ਕਾਰਡ ਸਕੀਮ ਜ਼ਰੀਏ ਹਰ ਯੋਗ ਲਾਭਪਾਤਰੀ ਨੂੰ ਸਸਤਾ ਰਾਸ਼ਨ ਮੁਹਈਆ ਕਰਵਾਉਣ ਵਿਚ ਪਾਦਰਸ਼ਤਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਈ-ਪੋਸ ਮਸ਼ੀਨਾਂ ਰਾਹੀਂ ਰਾਸ਼ਨ ਵੰਡਣ ਦਾ ਮਾਡਲ ਲਿਆਂਦਾ ਗਿਆ ਹੈ,
ਜੋ ਬਾਇਓਮੀਟ੍ਰਿਕ ਪ੍ਰਣਾਲੀ 'ਤੇ ਆਧਾਰਤ ਹੈ। ਇਸ ਮਾਡਲ ਤਹਿਤ ਰਾਸ਼ਨ ਵੰਡ ਪ੍ਰਣਾਲੀ ਦੇ ਹਰ ਇਕ ਪੜਾਅ 'ਤੇ ਵਿਭਾਗ ਦੀ ਨਿਗਰਾਨੀ ਵਧੀ ਹੈ। ਉਨ੍ਹਾਂ ਦਸਿਆ ਕਿ ਲਗਭਗ 1400 ਇੰਸਪੈਕਟਰਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਗਈਆਂ ਹਨ ਤੇ ਉਹ 10-10 ਰਾਸ਼ਨ ਡਿੱਪੂਆਂ 'ਤੇ ਇਨ੍ਹਾਂ ਦੀ ਵਰਤੋਂ ਕਰਨਗੇ।