
ਸੂਬੇ ਅੰਦਰ ਪਿਛਲੇ ਦਿਨਾਂ ਦੌਰਾਨ ਨਸ਼ਿਆਂ ਕਾਰਨ ਹੋਈਆਂ ਦਰਜਨਾਂ ਮੌਤਾਂ ਲਈ ਸੂਬੇ ਅੰਦਰ ਰਾਜ ਕਰ ਰਹੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਜੇ ਸਰਕਾਰ ਸਖਤੀ ਨਾਲ...
ਮੁੱਲਾਂਪੁਰ ਦਾਖਾ, ਸੂਬੇ ਅੰਦਰ ਪਿਛਲੇ ਦਿਨਾਂ ਦੌਰਾਨ ਨਸ਼ਿਆਂ ਕਾਰਨ ਹੋਈਆਂ ਦਰਜਨਾਂ ਮੌਤਾਂ ਲਈ ਸੂਬੇ ਅੰਦਰ ਰਾਜ ਕਰ ਰਹੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਜੇ ਸਰਕਾਰ ਸਖਤੀ ਨਾਲ 20 ਜੂਨ ਤੋਂ ਪਹਿਲਾਂ ਕਿਸਾਨਾਂ ਨੂੰ ਝੋਨਾ ਲਗਾਉਣ ਤੋਂ ਰੋਕ ਸਕਦੀ ਹੈ ਤਾਂ ਨਸ਼ਿਆਂ ਦੀ ਸਪਲਾਈ ਲਾਈਨ ਵੀ ਸਖਤੀ ਨਾਲ ਬੰਦ ਕਰ ਸਕਦੀ ਹੈ ਪਰ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਕਾਰਨ ਮਰ ਰਹੇ ਹਨ, ਉਨ੍ਹਾਂ ਦੀ ਪੀੜ ਸਰਕਾਰ ਦੇ ਕੰਨਾਂ ਤਕ ਨਹੀਂ ਪਹੁੰਚ ਰਹੀ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਚੱਕ ਕਲਾਂ ਇੰਚਾਰਜ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਵਿਧਾਇਕ ਦੀ ਅਗਵਾਈ ਹੇਠ ਮੰਡੀ ਮੁੱਲਾਂਪੁਰ ਵਿਖੇ ਨਸ਼ਿਆਂ ਵਿਰੁਧ ਵਿਸ਼ਾਲ ਰੋਸ ਮਾਰਚ 4 ਜੁਲਾਈ ਨੂੰ ਸਵੇਰੇ 9 ਵਜੇ ਕਢਿਆ ਜਾਵੇਗਾ ਜੋ ਮੁੱਲਾਂਪੁਰ ਤੋਂ ਸ਼ੁਰੂ ਹੋ ਕੇ ਸਵੱਦੀ ਕਲਾਂ ਤਕ ਜਾਵੇਗਾ।
ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁਧ ਰੋਸ ਮਾਰਚ ਵਿਚ ਸ਼ਾਮਲ ਹੋਣ ਤਾਂ ਜੋ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤਕ ਪਹੁੰਚਾਈ ਜਾ ਸਕੇ। ਚੱਕ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸੀ ਨਸ਼ਿਆਂ ਵਿਰੁਧ ਰੋਸ ਮਾਰਚ ਕਿਸ ਵਿਰੁਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਨਸ਼ਿਆਂ ਵਿਰੁਧ ਰੋਸ ਮਾਰਚ ਕਰਨ ਦੀ ਥਾਂ 'ਤੇ ਕੈਪਟਨ ਦੀ ਕੋਠੀ ਦੇ ਬਾਹਰ ਰੋਸ ਧਰਨਾ ਦੇਣਾ ਚਾਹੀਦਾ ਹੈ ਤਾਂ ਜੋ ਕੈਪਟਨ ਨੂੰ ਪਤਾ ਲੱਗਾ ਸਕੇ ਕਿ ਨਸ਼ਿਆਂ ਕਾਰਨ ਪੰਜਾਬੀ ਦੀ ਨੌਜਵਾਨੀ ਖਤਮ ਹੋ ਰਹੀ ਹੈ।