
ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਪੰਚਕੂਲਾ ਦੀ ਬਰਵਾਲਾ-ਰਾਏਪੁਰਾਣੀ ਸੜਕ 'ਤੇ ਵਾਪਰਿਆ। ਮ੍ਰਿਤਕਾਂ ....
ਚੰਡੀਗੜ੍ਹ, ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਪੰਚਕੂਲਾ ਦੀ ਬਰਵਾਲਾ-ਰਾਏਪੁਰਾਣੀ ਸੜਕ 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅੰਬਾਲਾ ਵਾਸੀ ਨਿਰਮੈਲ ਸਿੰਘ ਅਤੇ ਸਤੀਸ਼ ਕੁਮਾਰ ਦੇ ਰੂਪ ਵਿਚ ਹੋਈ। ਦੂਜਾ ਹਾਦਸਾ ਪਿੰਡ ਰਾਏਪੁਰ ਕਲਾਂ ਨੇੜੇ ਹੋਇਆ, ਜਿਥੇ ਇਕ ਸਕੂਟਰ ਸਵਾਰ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿਤੀ। ਵਿਅਕਤੀ ਨੂੰ ਪੰਚਕੂਲਾ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਤਕ ਵਾਸੀ ਚਰਨ ਸਿੰਘ ਦੇ ਰੂਪ ਵਿਚ ਹੋਈ ਹੈ।
ਪਹਿਲੇ ਹਾਦਸੇ 'ਚ ਮ੍ਰਿਤਕ ਨਿਰਮੇਲ ਸਿੰਘ ਦੇ ਭਰਾ ਸੁਭਾਸ਼ ਨੇ ਪੁਲਿਸ ਨੂੰ ਦਸਿਆ ਕਿ ਉਹ ਅਪਣੇ ਭਰਾ ਨਾਲ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਨਿਰਮੈਲ ਦੀ ਪਤਨੀ ਨੂੰ ਮਿਲਣ ਗਏ ਸਨ। ਇਸ ਤੋਂ ਬਾਅਦ ਸ਼ਾਮੀ ਉਹ ਵਾਪਸ ਅੰਬਾਲਾ ਜਾਣ ਲਈ ਮੋਟਰਸਾਈਕਲ 'ਤੇ ਨਿਕਲ ਗਏ। ਸੁਭਾਸ਼ ਨੇ ਦਸਿਆ ਕਿ ਰਸਤੇ ਵਿਚ ਉਨ੍ਹਾ ਨੂੰ ਉਨ੍ਹਾਂ ਦਾ ਜਾਣਕਾਰ ਸਤੀਸ਼ ਕੁਮਾਰ ਮਿਲ ਗਿਆ ਅਤੇ ਤਿੰਨਾਂ ਨੇ ਮਿਲ ਕੇ ਪਹਿਲਾਂ ਇਕ ਥਾਂ 'ਤੇ ਚਾਹ ਪੀਤੀ ਅਤੇ ਫ਼ਿਰ ਅੰਬਾਲਾ ਜਾਣ ਲਈ ਨਿਕਲ ਪਏ। ਇਸ ਦੌਰਾਨ ਨਿਰਮੈਲ ਸਤੀਸ਼ ਦੇ ਮੋਟਰਸਾਈਕਲ ਦੇ ਪਿਛੇ ਬੈਠ ਗਿਆ ਅਤੇ ਸੁਭਾਸ਼ ਅਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿਛੇ ਆ ਰਿਹਾ ਸੀ।
ਜਦ ਉਹ ਬਰਵਾਲਾ ਨੇੜੇ ਪਹੁੰਚੇ ਤਾਂ ਇਕ ਸਵਿਫ਼ਟ ਡਿਜ਼ਾਇਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ ਅਤੇ ਮੌਕੇ ਤੋਂ ਚਾਲਕ ਫ਼ਰਾਰ ਹੋ ਗਿਆ। ਸਤੀਸ਼ ਅਤੇ ਨਿਰਮੇਲ ਹੇਠਾਂ ਡਿੱਗ ਗਏ। ਜਿਨ੍ਹਾਂ ਨੂੰ ਪੁਲਿਸ ਨੇ ਪੀਜੀਆਈ ਦਾਖ਼ਲ ਕਰਵਾਇਆ। ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਹਾਦਸੇ 'ਚ ਜ਼ੀਰਕਪੁਰ ਵਾਸੀ ਜੈਪਾਲ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਕਿ ਉਹ ਰਾਏਪੁਰ ਕਲਾਂ ਤੋਂ ਹੁੰਦਾ ਹੋਇਆ ਅਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਇਕ ਪੈਦਲ ਜਾ ਰਹੇ ਵਿਅਕਤੀ ਨੂੰ ਸਕੂਟਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿਤੀ, ਜਿਸ ਨੂੰ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਚਰਨ ਸਿੰਘ ਦੇ ਰੂਪ ਵਿਚ ਹੋਈ ਹੈ। ਮੌਲੀਜਾਗਰਾਂ ਪੁਲਿਸ ਸਟੇਸ਼ਨ ਵਿਚ ਸਕੂਟਰ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਜੈਪਾਲ ਨੇ ਸਕੂਟਰ ਦਾ ਨੰਬਰ ਪੁਲਿਸ ਨੂੰ ਨੋਟ ਕਰਵਾ ਦਿਤਾ ਹੈ।