
ਬੀਤੇ ਕਲ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਚ ਵੱਖ-ਵੱਖ ਥਾਵਾਂ 'ਤੇ ਰੈਫ਼ਰੈਂਡਮ 2020 ਦੇ ਨਾਹਰੇ ਲਿਖੇ ਮਿਲਣ
ਤਲਵੰਡੀ ਸਾਬੋ, 4 ਜੁਲਾਈ (ਗੁਰਸੇਵਕ ਮਾਨ) : ਬੀਤੇ ਕਲ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਚ ਵੱਖ-ਵੱਖ ਥਾਵਾਂ 'ਤੇ ਰੈਫ਼ਰੈਂਡਮ 2020 ਦੇ ਨਾਹਰੇ ਲਿਖੇ ਮਿਲਣ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਰੈਫ਼ਰੈਂਡਮ ਦੀ ਈ-ਰਜਿਸਟ੍ਰੇਸ਼ਨ ਨੂੰ ਵੇਖਦਿਆਂ ਤਖ਼ਤ ਦਮਦਮਾ ਸਾਹਿਬ ਦੁਆਲੇ ਸੁਰਖਿਆ ਸਖ਼ਤ ਕਰ ਦਿਤੀ ਜਦੋਂ ਕਿ ਖੁਫ਼ੀਆ ਏਜੰਸੀਆਂ ਵਲੋਂ ਵੀ ਤਖ਼ਤ ਸਾਹਿਬ ਪੁੱਜਣ ਵਾਲੀਆਂ ਸੰਗਤਾਂ 'ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ।
File Photo
ਦਸਣਾ ਬਣਦਾ ਹੈ ਕਿ ਜਿਥੇ 4 ਜੁਲਾਈ ਤੋਂ ਰੈਫ਼ਰੈਂਡਮ 2020 ਦੇ ਪੱਖ ਵਿਚ ਈ-ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਉਥੇ ਨਗਰ ਵਿਚ ਬੀਤੇ ਕੱਲ ਕੁੱਝ ਥਾਵਾਂ 'ਤੇ ਕੰਧਾਂ ਉਪਰ ਰੈਫ਼ਰੈਂਡਮ 2020 ਦੇ ਮੋਹਰਾਂ ਵਾਂਗ ਦਿਖਾਈ ਦੇਣ ਵਾਲੇ ਪੋਸਟਰ ਲੱਗੇ ਦਿਖਾਈ ਦਿਤੇ ਸਨ ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਸੀ ਤੇ ਪੋਸਟਰਾਂ 'ਤੇ ਪੋਚਾ ਫੇਰ ਦਿਤਾ ਗਿਆ ਸੀ। ਅੱਜ ਸਵੇਰੇ ਤੜਕਸਾਰ 4 ਵਜੇ ਤੋਂ ਹੀ ਤਖ਼ਤ ਦਮਦਮਾ ਸਾਹਿਬ ਨੂੰ ਆਉਣ ਵਾਲੇ ਰਸਤਿਆਂ 'ਤੇ ਪੁਲਿਸ ਪਾਰਟੀਆਂ ਤਾਇਨਾਤ ਕਰ ਦਿਤੀਆਂ ਗਈਆਂ ਸਨ ਜੋ ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖ ਰਹੀਆਂ ਹਨ।
ਤਖ਼ਤ ਸਾਹਿਬ ਦੀ ਡਿਉਢੀ 'ਤੇ ਤਾਇਨਾਤ ਪੁਲਿਸ ਪਾਰਟੀ ਦੀ ਅਗਵਾਈ ਕਰਨ ਵਾਲੇ ਏ.ਐਸ.ਆਈ ਨਿਰਮਲ ਸਿੰਘ ਨੇ ਦਸਿਆ ਕਿ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਉਹ ਰੈਫ਼ਰੈਂਡਮ 2020 ਨੂੰ ਵੇਖਦਿਆਂ ਤਖ਼ਤ ਸਾਹਿਬ ਵਿਖੇ ਡਿਊਟੀ ਦੇ ਰਹੇ ਹਨ ਤਾਕਿ ਕੋਈ ਅਨਸਰ ਸ਼ਰਾਰਤ ਨਾ ਕਰ ਸਕੇ। ਦੂਜੇ ਪਾਸੇ ਪਤਾ ਲੱਗਾ ਹੈ ਕਿ ਸ਼ਹਿਰ ਵਿਚ ਪੋਸਟਰ ਲੱਗੇ ਮਿਲਣ ਉਪਰੰਤ ਖੁਫ਼ੀਆ ਵਿਭਾਗ ਵੀ ਸੁਚੇਤ ਹੋ ਗਿਆ ਹੈ ਤੇ ਪੋਸਟਰ ਲਾਉਣ ਵਾਲੇ ਸੰਭਾਵੀ ਵਿਅਕਤੀਆਂ ਦੀ ਪੜਚੋਲ ਸ਼ੁਰੂ ਹੋ ਗਈ ਹੈ।