
ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਿਰੁਧ ਲੜਨ ਵਾਲੇ ਭਾਰਤੀ ਡਾਕਟਰਾਂ ਲਈ ਭਾਰਤ ਰਤਨ ਦੀ ਕੀਤੀ ਮੰਗ
ਨਵੀਂ ਦਿੱਲੀ, 4 ਜੁਲਾਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ 'ਭਾਰਤੀ ਡਾਕਟਰਾਂ' ਅਤੇ ਸਿਹਤ ਕਰਮੀਆਂ ਲਈ ਭਾਰਤ ਰਤਨ ਦੀ ਮੰਗ ਕੀਤੀ, ਜੋ ਕੋਰੋਨਾ ਵਿਰੁਧ ਲੜਾਈ 'ਚ ਫਰੰਟਲਾਈਨ 'ਚ ਸਨ | ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਇਸ ਸਾਲ 'ਭਾਰਤੀ ਡਾਕਟਰਾਂ' ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ | 'ਭਾਰਤੀ ਡਾਕਟਰ' ਮਤਲਬ ਸਾਰੇ ਡਾਕਟਰ, ਨਰਸ ਅਤੇ ਪੈਰਾ-ਮੈਡੀਕਸ ਹਨ | ਇਹ ਸ਼ਹੀਦ ਹੋਏ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਅਪਣੀ ਜਾਨ ਅਤੇ ਪ੍ਰਵਾਰ ਦੀ ਚਿੰਤਾ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਦਾ ਇਹ ਸਨਮਾਨ ਹੋਵੇਗਾ | ਪੂਰਾ ਦੇਸ਼ ਇਸ ਤੋਂ ਖੁਸ਼ ਹੋਵੇਗਾ | ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਕੋਰੋਨਾ ਕਾਰਨ ਸ਼ਹੀਦ ਹੋਏ ਡਾਕਟਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਰਾਸ਼ੀ ਆਰਥਕ ਮਦਦ ਵਜੋਂ ਦੇ ਰਹੀ ਹੈ |
ਭਾਰਤੀ ਮੈਡੀਕਲ ਸੰਘ (ਆਈ.ਐੱਮ.ਏ.) ਵਲੋਂ ਮੱਧ ਜੂਨ 'ਚ ਮੁਹਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਕੁਲ 730 ਡਾਕਟਰਾਂ ਦੀ ਜਾਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ ਹੈ | ਬਿਹਾਰ 'ਚ ਸੱਭ ਤੋਂ ਵੱਧ 115 ਡਾਕਟਰਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦੋਂ ਕਿ ਦਿੱਲੀ 'ਚ 109, ਉੱਤਰ ਪ੍ਰਦੇਸ਼ 'ਚ 79, ਪਛਮੀ ਬੰਗਾਲ 'ਚ 62, ਰਾਜਸਥਾਨ 'ਚ 43, ਝਾਰਖੰਡ 'ਚ 39 ਅਤੇ ਆਂਧਰਾ ਪ੍ਰਦੇਸ਼ 'ਚ 38 ਡਾਕਟਰਾਂ ਨੇ ਮਹਾਮਾਰੀ ਨਾਲ ਜਾਨ ਗੁਆਈ ਹੈ | (ਏਜੰਸੀ)