
1955 'ਚ ਦਰਬਾਰ ਸਾਹਿਬ 'ਤੇ ਹਮਲੇ ਦੀ ਯਾਦ 'ਚ ਕਰਵਾਇਆ ਸਮਾਗਮ
.
ਅੰਮਿ੍ਤਸਰ, 4 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): 4 ਜੁਲਾਈ 1955 ਨੂੰ ਕਾਂਗਰਸੀ ਸਰਕਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ |
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਸਾਕੇ ਦੇ ਸਬੰਧ ਵਿਚ ਪਹਿਲੀ ਵਾਰ ਇਹ ਵਿਸ਼ੇਸ਼ ਸਮਾਗਮ ਹੋਇਆ | ਸਿੱਖਾਂ ਵਲੋਂ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬੇ ਦੀ ਮੰਗ ਨੂੰ ਦਬਾਉਣ ਲਈ ਸਮੇਂ ਦੀ ਸਰਕਾਰ ਵਲੋਂ 1955 ਵਿਚ ਇਹ ਹਮਲਾ ਕੀਤਾ ਗਿਆ ਸੀ | ਦੇਸ਼ ਦੀ ਅਜ਼ਾਦੀ ਮਗਰੋਂ ਅਪਣੇ ਹੀ ਦੇਸ਼ ਦੀ ਸਰਕਾਰ ਵਲੋਂ ਸਿੱਖਾਂ ਨਾਲ ਕੀਤੇ ਸੱਭ ਵਾਅਦੇ ਭੁੱਲ ਕੇ ਸ੍ਰੀ ਦਰਬਾਰ ਸਾਹਿਬ 'ਤੇ ਕੀਤਾ ਗਿਆ ਇਹ ਪਹਿਲਾ ਹਮਲਾ ਸੀ, ਜਿਸ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗਹਿਰੇ ਜ਼ਖ਼ਮ ਦਿਤੇ | ਸਾਕੇ ਦੀ ਯਾਦ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਮਾਗਮ ਕਰਨ ਦਾ ਮੰਤਵ ਸਿੱਖ ਨੌਜੁਆਨੀ ਨੂੰ ਕੌਮ 'ਤੇ ਹੋਏ ਜ਼ੁਲਮਾਂ ਦੀ ਦਾਸਤਾਨ ਤੋਂ ਜਾਣੂ ਕਰਵਾਉਣਾ ਹੈ | ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਅਜਿਹਾ ਕਰ ਕੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦਾ ਯਤਨ ਕੀਤਾ ਸੀ, ਪਰੰਤੂ ਸਿੱਖ ਕੌਮ ਹਮੇਸ਼ਾ ਹੀ ਚੁਨੌਤੀਆਂ ਵਿਚੋਂ ਜੇਤੂ ਹੋ ਉੱਭਰੀ ਹੈ | 4 ਜੁਲਾਈ 1955 ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਸਬੰਧੀ ਮੁਕੰਮਲ ਖੋਜ ਕਰਵਾ ਕੇ ਸੰਗ੍ਰਹਿ ਤਿਆਰ ਕੀਤਾ ਜਾਵੇਗਾ ਅਤੇ ਸਾਕੇ ਨਾਲ ਸਬੰਧਤ ਤਸਵੀਰਾਂ ਵੀ ਇਸ ਦਾ ਹਿੱਸਾ ਹੋਣਗੀਆਂ | ਉਸ ਸਮੇਂ ਦੇ ਚਸ਼ਮਦੀਦਾਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਯਾਦਾਂ ਨੂੰ ਵੀ ਸੰਭਾਲਣ ਦਾ ਯਤਨ ਕਰਾਂਗੇ | ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਕਤ ਦੀਆਂ ਹਕੂਮਤਾਂ ਨੇ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ | ਤਤਕਾਲੀ ਸਰਕਾਰ ਵਲੋਂ ਦੇਸ਼ ਦੀ ਅਜ਼ਾਦੀ ਮਗਰੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੇ ਪਰੰਤੂ ਜਦੋਂ ਭਾਰਤ ਅੰਦਰ ਭਾਸ਼ਾ ਦੇ ਆਧਾਰ 'ਤੇ ਸੂਬੇ ਬਣੇ, ਤਾਂ ਪੰਜਾਬ ਨਾਲ ਨਿਆਂ ਨਾ ਕੀਤਾ | ਇਸ ਵਿਰੁਧ ਸਿੱਖਾਂ ਵਲੋਂ ਹੱਕੀ ਮੰਗਾਂ ਦੀ ਅਵਾਜ਼ ਨੂੰ ਦਬਾਉਣ ਲਈ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿਤਾ ਗਿਆ | ਨਹਿਰੂ ਸਰਕਾਰ ਦੇ ਹੁਕਮ 'ਤੇ ਪੁਲਿਸ ਫ਼ੋਰਸ ਭੇਜੀ ਜਿਸ ਨੇ ਪਾਵਨ ਅਸਥਾਨ ਮਾਣ-ਮਰਿਆਦਾ ਨੂੰ ਭਾਰੀ ਸੱਟ ਮਾਰੀ | ਸਮਾਗਮ ਵਿਚ ਉਹ ਗੋਲੇ ਵੀ ਸੰਗਤ ਨੂੰ ਦਿਖਾਉਣ ਲਈ ਰੱਖੇ ਗਏ ਸਨ, ਜਿਹੜੇ ਹਮਲੇ ਸਮੇਂ ਪੁਲਿਸ ਬਲ ਨੇ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ 'ਤੇ ਸੁੱਟੇ ਸਨ | ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਜਸਵੰਤ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਬੀਬੀ ਜੋਗਿੰਦਰ ਕੌਰ ਬਠਿੰਡਾ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |
ਕੈਪਸ਼ਨ ਏ ਐਸ਼ ਆਰ ਬਹੋੜੂ -4¸3 ਗਿ. ਹਰਪ੍ਰੀਤ ਸਿੰਘ ਤੇ ਬੀਬੀ ਜਗੀਰ ਕੌਰ ਤੇ ਹੋਰ ਅਕਾਲੀ ਆਗੂਆਂ ਤੇ ਅਧਿਕਾਰੀਆਂ ਨਾਲ ਸਮਾਗਮ ਦੌਰਾਨ ਖੜੇ ਦਿਖਾਈ ਦਿੰਦੇ ਹੋਏ |