
ਪੰਜਾਬ ਦੇ ਕਈ ਖੇਤਰਾਂ 'ਚ ਹੋਈ ਹਲਕੀ ਬਰਸਾਤ ਨੇ ਬਿਜਲੀ ਨਿਗਮ ਨੂੰ ਦਿਤੀ ਥੋੜੀ ਜਿਹੀ ਰਾਹਤ
ਬਿਜਲੀ ਦਾ ਲੋਡ 14500 ਤੋਂ ਘਟ ਕੇ 12528 ਮੈਗਾਵਾਟ 'ਤੇ ਪਹੁੰਚਿਆ
ਪਟਿਆਲਾ, 4 ਜੁਲਾਈ (ਜਸਪਾਲ ਸਿੰਘ ਢਿੱਲੋਂ) : ਪੰਜਾਬ ਦੇ ਕੁੱਝ ਖੇਤਰਾਂ 'ਚ ਹਲਕੀ ਜਿਹੀ ਬਰਸਾਤ ਹੋਈ ਹੈ | ਇਸ ਦਾ ਅਸਰ ਬਿਜਲੀ ਲੋਡ 'ਤੇ ਪਿਆ ਹੈ | ਬਿਜਲੀ ਦਾ ਜੋ ਲੋਡ ਪਿਛਲੇ ਦਿਨੀਂ 14500 ਦਾ ਅੰਕੜਾ ਪਾਰ ਕਰ ਗਿਆ ਸੀ, ਉਹ ਹੁਣ ਘਟ ਕੇ 12528 ਮੈਗਾਵਾਟ 'ਤੇ ਆ ਗਿਆ ਹੈ | ਬਿਜਲੀ ਦਾ ਲੋਡ ਇਸ ਕਰ ਕੇ ਵੀ ਘਟਿਆ ਹੈ ਕਿਉਂਕਿ ਅੱਜ ਐਤਵਾਰ ਹੋਣ ਕਰ ਕੇ ਬਾਜ਼ਾਰਾਂ ਦਾ ਲੋਡ ਵੀ ਮਨਫ਼ੀ ਹੋਇਆ ਹੈ | ਇਸ ਸਬੰਧੀ ਬਿਜਲੀ ਨਿਗਮ ਨੇ ਅਪਣੇ ਤਾਪ ਬਿਜਲੀ ਘਰ ਪੂਰੀ ਸਮਰਥਾ 'ਤੇ ਚਲਾਏ ਹੋਏ ਹਨ | ਇਸ ਵੇਲੇ ਨਿੱਜੀ ਤਾਪ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ 1610 ਮੈਗਾਵਾਟ 'ਤੇ ਹੈ, ਇਸ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਤੋਂ 767 ਮੈਗਾਵਾਟ ਅਤੇ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਤੋਂ 843 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ |
ਪਣ ਬਿਜਲੀ ਘਰ ਵੀ ਇਸ ਬਿਜਲੀ ਦੀ ਮੰਗ ਦੇ ਟਾਕਰੇ ਲਈ 857 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ, ਇਸ ਵਿਚ ਰਣਜੀਤ ਸਾਗਰ ਡੈਮ ਤੋਂ 397 ਮੈਗਾਵਾਟ , ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 84 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 152 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰਾਂ ਦੇ ਦੋ ਯੂਨਿਟਾਂ ਤੋਂ 120 ਮੈਗਾਵਾਟ ਅਤੇ ਹਿਮਾਚਲ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 104 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ |
ਜੇਕਰ ਨਿਜੀ ਤਾਪ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਤੋਂ ਇਸ ਵੇਲੇ 1949 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ, ਇਸ ਵੇਲੇ ਤਲਵੰਡੀ ਸਾਬੋ ਪਣ ਬਿਜਲੀ ਘਰ ਵਣਾਂਵਾਲੀ ਦੇ ਦੋ ਯੂਨਿਟ ਬੰਦ ਹਨ | ਸਿਰਫ਼ ਇਕ ਹੀ ਯੂਨਿਟ ਚਲ ਰਿਹਾ ਹੈ ਜਿਸ ਤੋਂ 626 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਜਦੋਂ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1323 ਮੈਗਾਵਾਟ ਅਤੇ ਜੀਵੀਕੇ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 509 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ |
ਇਸ ਵੇਲੇ ਸੰਕਟ ਦੀ ਘੜੀ 'ਚ ਨਵਿਆਉਣਯੋਗ ਸਰੋਤਾਂ ਤੋਂ ਬਿਜਲੀ ਖਪਤ 'ਚ ਯੋਗਦਾਨ 359 ਮੈਗਾਵਾਟ ਹੈ ਇਸ ਵਿਚ ਸੌਰ ਊਰਜਾ ਤੋਂ 281 ਮੈਗਾਵਾਟ ਅਤੇ ਗੈਰ ਸੌਰ ਉਰਜਾ ਤੋਂ 78 ਮੈਗਾਵਾਟ ਬਿਜਲੀ ਦਾ ਯੋਗਦਾਨ ਹੈ | ਗਰੋਸ ਬਿਜਲੀ ਦਾ ਅੰਕੜਾ 5284 ਮੈਗਾਵਾਟ ਹੈ | ਇਸ ਵੇਲੇ ਬਿਜਲੀ ਖਰੀਦ ਸਮੇਤ ਹਰ ਖੇਤਰ 'ਚ ਬਿਜਲੀ ਨਿਗਮ ਬਿਜਲੀ ਦੀ ਪੂਰਤੀ ਲਈ ਹੱਥ-ਪੈਰ ਮਾਰ ਰਿਹਾ ਹੈ |