
ਕਿਸਾਨ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਕੀਤੀ ਮੁਲਾਕਾਤ
ਕੰਡੀ ਨਹਿਰ ਦੇ ਬੈੱਡ 'ਚ ਕੰਕਰੀਟ ਲਾਈਨਿੰਗ ਨਾ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰ ਕੇ ਕੰਢੀ ਨਹਿਰ (ਤਲਵਾੜਾ-ਬਲਾਚੌਰ) ਪ੍ਰਾਜੈਕਟ ਨੂੰ ਮੁਕੰਮਲ ਕਰੇਗੀ। ਪੰਜਾਬ ਦੇ ਕੰਢੀ ਖੇਤਰ ਦੇ ਬਰਾਨੀ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਉਸਾਰੇ ਜਾ ਰਹੇ ਕੰਢੀ ਨਹਿਰ (ਤਲਵਾੜਾ-ਬਲਾਚੌਰ) ਪ੍ਰਾਜੈਕਟ ਨਾਲ ਸਬੰਧਤ ਕੁੱਝ ਮਸਲਿਆਂ ਬਾਰੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨਾਲ ਮੁਲਾਕਾਤ ਕੀਤੀ।
ਕਿਸਾਨਾਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰਨ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਤਰਜੀਹ ਹੈ ਕਿ ਪੰਜਾਬ ਨਾਲ ਸਬੰਧਤ ਮਸਲੇ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਮੁਕੇਰੀਆਂ ਹਾਈਡਲ ਚੈਨਲ ਤੋਂ ਨਿਕਲ ਕੇ ਪਹਾੜੀਆਂ ਦੇ ਨਾਲ-ਨਾਲ ਬਲਾਚੌਰ ਤੱਕ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਹਿਰ ਦੀ ਉਸਾਰੀ ਦੋ ਪੜ੍ਹਾਵਾਂ ‘ਚ ਕੰਡੀ ਏਰੀਏ ਦੇ ਬਰਾਨੀ ਰਕਬੇ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਇਹ ਨਹਿਰ ਹੁਸ਼ਿਆਰਪੁਰ ਜ਼ਿਲ੍ਹੇ ਦੇ 215 ਪਿੰਡਾਂ ਦੇ 19867 ਹੈਕਟੇਅਰ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ।
Demand of Farmers Associations for Kandi Canal (Talwara-Balachaur) Project To Be Considered At Technical Level - Minister Jimpa
ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਸਟੇਜ-2 ਲਗਭੱਗ 60 ਕਿਲੋਮੀਟਰ ਤੋਂ ਲਗਭੱਗ 130 ਕਿਲੋਮੀਟਰ ਜੋ ਕਿ ਹੁਸ਼ਿਆਰਪੁਰ ਤੋਂ ਬਲਾਚੌਰ ਤੱਕ ਉਸਾਰੀ ਗਈ ਹੈ, ਹੁਸ਼ਿਆਰਪੁਰ ਜ਼ਿਲ੍ਹੇ ਦੇ 146 ਪਿੰਡਾਂ ਦੇ 16270 ਹੈੱਕਟੇਅਰ ਬਰਾਨੀ ਰਕਬੇ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 72 ਪਿੰਡਾਂ ਦੇ 13257 ਹੈਕਟੇਅਰ ਬਰਾਨੀ ਰਕਬੇ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕਰਦੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੁਰਾਣੀ ਉਸਾਰੀ ਅਤੇ ਬੀਤਦੇ ਸਮੇਂ ਦੇ ਨਾਲ ਕੰਡੀ ਸਟੇਜ-1 ਦੀ ਲਾਈਨਿੰਗ ਡੈਮੇਜ ਹੋ ਗਈ ਸੀ, ਜਿਸ ਕਾਰਨ ਪਾਣੀ ਦਾ ਰਸਾਅ ਵੱਧਣ ਨਾਲ ਅਤੇ ਕੈਨਾਲ ਦੀ ਪੂਰੀ ਸਮਰੱਥਾ ਨਾਲ ਨਾ ਚੱਲਣ ਕਰਕੇ ਤਤਕਾਲੀ ਸਰਕਾਰ ਵੱਲੋਂ ਕੰਡੀ ਕਨਾਲ ਦੀ ਪੁਰਾਣੀ ਲਾਈਨਿੰਗ ਤੋੜ ਕੇ ਐਚ.ਡੀ.ਪੀ. ਈ.ਫਿਲਮ ਨਾਲ ਨਵੀ ਕੰਕਰੀਟ ਲਾਈਨਿੰਗ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਦੀ ਕੰਕਰੀਟ ਰੀਲਾਈਨਿੰਗ ਦੇ ਸਟੇਜ-1 ਦਾ ਕੰਮ ਆਰ.ਡੀ. 0 ਤੋਂ ਲਗਭਗ 32 ਕਿਲੋਮੀਟਰ ਤੱਕ ਮੁਕੰਮਲ ਹੋ ਚੁੱਕਾ ਹੈ। ਇਸ ਨਹਿਰ ਦੀ ਆਰ.ਡੀ. 32 ਕਿੱਲੋਮੀਟਰ ਤੋਂ ਲਗਭਗ 47 ਕਿਲੋਮੀਟਰ ਤੱਕ ਕੰਮ ਪ੍ਰਗਤੀ ਅਧੀਨ ਹੈ।
Demand of Farmers Associations for Kandi Canal (Talwara-Balachaur) Project To Be Considered At Technical Level - Minister Jimpa
ਜ਼ਿਕਰਯੋਗ ਹੈ ਕਿ ਇਸ ਕੰਮ ਨੂੰ ਕੰਡੀ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਰੋਕ ਦਿਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕੰਡੀ ਨਹਿਰ ਦੇ ਬੈੱਡ ਵਿਚ ਕੰਕਰੀਟ ਲਾਈਨਿੰਗ ਨਾ ਕੀਤੀ ਜਾਵੇ। ਉਨ੍ਹਾਂ ਦਾ ਤਰਕ ਇਹ ਹੈ ਕਿ ਜੇਕਰ ਵਿਭਾਗ ਵੱਲੋਂ ਬੈੱਡ ਦੀ ਕੰਕਰੀਟ ਲਾਈਨਿੰਗ ਕੀਤੀ ਜਾਂਦੀ ਹੈ ਅਤੇ ਐਚ.ਡੀ.ਪੀ.ਈ. ਫਿਲਮ ਪਾਈ ਜਾਂਦੀ ਹੈ ਤਾਂ ਇਸ ਨਾਲ ਪਾਣੀ ਦੀ ਰੀਚਾਜਿੰਗ ਬੰਦ ਹੋ ਜਾਵੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਚਲੇ ਜਾਵੇਗਾ, ਜਿਸ ਨਾਲ ਭਵਿੱਖ ਵਿਚ ਪਿੰਡਾਂ ਵਿਚ ਪਾਣੀ ਦੀ ਦਿੱਕਤ ਆ ਜਾਵੇਗੀ।
ਮੰਤਰੀ ਜਿੰਪਾ ਨੇ ਕਿਹਾ ਕਿ ਕੁਦਰਤੀ ਸਾਧਨ ਪਾਣੀ ਦੀ ਜ਼ਰੂਰਤ ਹਰ ਖੇਤਰ 'ਚ ਲੋੜੀਂਦੀ ਹੈ, ਉਹ ਭਾਵੇਂ ਖੇਤੀ ਹੋਵੇ, ਉਦਯੋਗ ਹੋਣ ਜਾਂ ਇਨਸਾਨ ਹੋਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਵੇਂ ਬਣਾਏ ਜਾਣ ਵਾਲੇ ਪ੍ਰਾਜੈਕਟਾਂ ਅਤੇ ਪੁਰਾਣੇ ਚਲ ਰਹੇ ਪ੍ਰਾਜੈਕਟਾਂ ਨੂੰ ਤਕਨੀਕੀ ਪੱਧਰ ‘ਤੇ ਵਿਚਾਰ ਕੇ ਫੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਵਿੱਚ ਇਲਾਕੇ/ਖੇਤਰਾਂ ਦੀਆਂ ਲੋੜਾਂ ਤੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।