
ਫ਼ਰੀਦਕੋਟ ਪੁਲਿਸ ਨੇ ਪੌਣੇ ਦੋ ਸਾਲ ਬਾਅਦ ਕੀਤੀ ਕਾਰਵਾਈ
ਦੋਸਤ ਨੂੰ ਬਾਹਰ ਭੇਜਣ ਮੌਕੇ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਮੁਲਾਜ਼ਮ ਨੇ ਲਾਇਸੰਸੀ ਰਿਵਾਲਵਰ ਨਾਲ ਮਾਰੀ ਸੀ ਖ਼ੁਦ ਨੂੰ ਗੋਲੀ
ਫ਼ਰੀਦਕੋਟ : ਫ਼ਿਰੋਜ਼ਪੁਰ ਵਿਚ ਬਤੌਰ ਕਾਂਸਟੇਬਲ ਤੈਨਾਤ ਹਰਭਜਨ ਸਿੰਘ ਖ਼ੁਦਕੁਸ਼ੀ ਮਾਮਲੇ ਵਿਚ ਫ਼ਰੀਦਕੋਟ ਸਦਰ ਥਾਣੇ ਦੀ ਪੁਲਿਸ ਨੇ ਪੌਣੇ ਦੋ ਸਾਲਾਂ ਬਾਅਦ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਮੁਲਾਜ਼ਮ ਨੇ 2021 ਵਿਚ ਅਪਣੇ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਮ੍ਰਿਤਕ ਦੀ ਮਾਂ ਨੇ 7 ਲੋਕਾਂ 'ਤੇ ਉਸ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ।
8 ਦਸੰਬਰ 2022 ਨੂੰ ਮ੍ਰਿਤਕ ਹਰਭਜਨ ਸਿੰਘ ਦੀ ਮਾਤਾ ਸਿਮਰਨਜੀਤ ਕੌਰ ਨੇ ਫ਼ਰੀਦਕੋਟ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿਤੀ ਸੀ। ਜਿਸ ਵਿਚ ਉਸ ਨੇ ਦਸਿਆ ਕਿ ਲੜਕੇ ਦੀ ਜਾਣ-ਪਛਾਣ ਗੁਰਪ੍ਰੀਤ ਸਿੰਘ ਵਾਸੀ ਕੋਟਕਪੂਰਾ, ਫ਼ਰੀਦਕੋਟ ਨਾਲ ਸੀ। ਗੁਰਪ੍ਰੀਤ ਸਿੰਘ ਅਪਣੇ ਸਾਥੀਆਂ ਸਰਵਜੀਤ ਸਿੰਘ, ਅਨੁਬਾਲਾ, ਜਬੀਰ ਸਿੰਘ, ਪੰਕਜ ਖੋਖਰ ਅਤੇ ਤਰਸੇਮ ਸਿੰਘ ਨਾਲ ਮਿਲ ਕੇ ਲੜਕੇ-ਲੜਕੀਆਂ ਨੂੰ ਵਿਦੇਸ਼ ਭੇਜਦਾ ਸੀ।
ਸਿਮਰਨਜੀਤ ਕੌਰ ਨੇ ਦਸਿਆ ਸੀ, ''ਗੁਰਪ੍ਰੀਤ ਸਿੰਘ ਨੇ ਉਸ ਦੇ ਪੁੱਤਰ ਨੂੰ ਕਿਹਾ ਸੀ ਕਿ ਜੇਕਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਦੱਸੇ। ਅਜਿਹੇ 'ਚ ਬੇਟੇ ਨੂੰ ਜਾਣਦਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਅਮਰਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਪੁੱਤਰ ਨੇ ਅਮਰਿੰਦਰ ਸਿੰਘ ਦੀ ਗੁਰਪ੍ਰੀਤ ਸਿੰਘ ਅਤੇ ਹੋਰ ਮੁਲਜ਼ਮਾਂ ਨਾਲ ਜਾਣ-ਪਛਾਣ ਕਰਵਾਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਵਿਦੇਸ਼ ਭੇਜਣ ਲਈ ਅਮਰਿੰਦਰ ਸਿੰਘ ਕੋਲੋਂ 1,225,051 ਰੁਪਏ ਲਏ। ਪਰ ਅਮਰਿੰਦਰ ਵਿਦੇਸ਼ ਨਹੀਂ ਜਾ ਸਕਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਪੈਸੇ ਵੀ ਨਹੀਂ ਮੋੜੇ।''
ਉਕਤ ਘਟਨਾ ਤੋਂ ਬਾਅਦ ਅਮਰਿੰਦਰ ਸਿੰਘ ਨੇ ਉਸ ਦੇ ਪੁੱਤਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ, ਜਿਸ ਕਾਰਨ ਹਰਭਜਨ ਸਿੰਘ ਨੇ 7 ਦਸੰਬਰ 2021 ਨੂੰ ਫ਼ਿਰੋਜ਼ਪੁਰ-ਫ਼ਰੀਦਕੋਟ ਵਿਚਕਾਰ ਪੈਂਦੇ ਪਿੰਡ ਪਿੱਪਲੀ ਨੇੜੇ ਅਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ।
ਥਾਣਾ ਸਦਰ ਫ਼ਰੀਦਕੋਟ ਦੇ ਏ.ਐਸ.ਆਈ. ਚਮਕੌਰ ਸਿੰਘ ਨੇ ਦਸਿਆ ਕਿ ਸ਼ਿਕਾਇਤ ਦੀ ਪੜਤਾਲ ਮਗਰੋਂ ਅਮਰਿੰਦਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ, ਸਰਵਜੀਤ ਸਿੰਘ, ਅਨੁਬਾਲਾ, ਜੈਬੀਰ ਸਿੰਘ, ਪੰਕਜ ਖੋਖਰ ਅਤੇ ਤਰਸੇਮ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।