
ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
Amritpal Singh : ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਹੈ। ਇਸ ਦੀ ਕੋਈ ਫੋਟੋ-ਵੀਡੀਓ ਜਾਰੀ ਨਹੀਂ ਕੀਤੀ ਗਈ। ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਪਰਿਵਾਰ ਨਾਲ ਮੁਲਾਕਾਤ ਲਈ ਸੁਰੱਖਿਅਤ ਘਰ ਲਿਆਂਦਾ ਗਿਆ। ਜਿੱਥੇ ਅੰਮ੍ਰਿਤਪਾਲ ਸਿੰਘ ਆਪਣੇ ਪਿਤਾ ਅਤੇ ਚਾਚੇ ਨੂੰ ਕਰੀਬ 50 ਮਿੰਟ ਤੱਕ ਮਿਲੇ। ਇਸ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ।
ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ ਹੈ। ਉਸ ਨੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੋਣ ਲੜੀ ਅਤੇ ਹੁਣ ਸੰਵਿਧਾਨ ਦੀ ਸਹੁੰ ਚੁੱਕੀ ਹੈ।’’ਇਸ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਖਡੂਰ ਸਾਹਿਬ ਦੀ ਸੰਗਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜਦੋਂ ਲੋਕਾਂ ਨੂੰ ਅੰਮ੍ਰਿਤਪਾਲ ਤੋਂ ਕੋਈ ਖ਼ਤਰਾ ਨਹੀਂ ਤਾਂ ਸਰਕਾਰਾਂ ਨੂੰ ਕਾਹਦਾ ਖ਼ਤਰਾ।
ਦਰਅਸਲ 'ਚ ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਲਈ ਅੱਜ ਸਵੇਰੇ 4 ਵਜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਪੁਲਿਸ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਨੂੰ ਏਅਰਬੇਸ ਲੈ ਗਈ। ਜਿੱਥੋਂ ਅੰਮ੍ਰਿਤਪਾਲ ਨੂੰ ਫੌਜੀ ਜਹਾਜ਼ ਵਿੱਚ ਦਿੱਲੀ ਲਿਆਂਦਾ ਗਿਆ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸੰਸਦ ਭਵਨ ਲਿਆਂਦਾ ਗਿਆ।
ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਲਈ 4 ਦਿਨ ਦੀ ਪੈਰੋਲ ਮਿਲੀ ਸੀ ਪਰ ਪੁਲਸ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਹੀ ਜੇਲ ਤੋਂ ਬਾਹਰ ਲੈ ਆਈ। ਪੈਰੋਲ ਦੀਆਂ 10 ਸ਼ਰਤਾਂ 'ਚ ਪਰਿਵਾਰ ਨਾਲ ਦਿੱਲੀ 'ਚ ਮੁਲਾਕਾਤ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਲਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਅਤੇ ਚਾਚਾ ਦਿੱਲੀ ਪੁੱਜੇ, ਜਦੋਂਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਕਾਫੀ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਹੈ ਪਰ ਉਹ ਦਿੱਲੀ ਨਹੀਂ ਪਹੁੰਚੀ। ਅੰਮ੍ਰਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨਾਂ ਬਾਅਦ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਇਆ ਸੀ।